ਅੰਬਾਲਾ, 21 ਨਵੰਬਰ (ਆਰ. ਸਿੰਘ):- ਹਰਿਆਣਾ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਫੂਲ ਚੰਦ ਮੁਲਾਣਾ ਦਾ ਅੱਜ ਅੰਬਾਲਾ ਸ਼ਹਿਰ ਦੇ ਰਾਮਬਾਗ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੰਸਦ ਮੈਂਬਰ ਦੀਪੇਂਦਰ ਹੁੱਡਾ, ਵਿਧਾਇਕ ਅਸ਼ੋਕ ਅਰੋੜਾ, ਸੀਨੀਅਰ ਨੇਤਾ ਬੀਰੇਂਦਰ ਸਿੰਘ, ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਅੰਬਾਲਾ ਦੀ ਮੇਅਰ ਅਕਸ਼ਿਤਾ ਸੈਣੀ, ਵਿਧਾਇਕ ਨਿਰਮਲ ਸਿੰਘ ਅਤੇ ਚਿਤਰਾ ਸਰਵਾਰਾ ਸਮੇਤ ਕਈ ਹੋਰ ਆਗੂ ਮੌਜੂਦ ਸਨ। ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਅਤੇ ਰਾਜਨੀਤਿਕ, ਸਮਾਜਿਕ ਤੇ ਵੱਖ-ਵੱਖ ਖੇਤਰਾਂ ਦੀਆਂ ਹੋਰ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਮਾਹੌਲ ਗ਼ਮਗੀਨ ਰਿਹਾ।
85 ਸਾਲਾ ਚੌਧਰੀ ਫੂਲ ਚੰਦ ਮੁਲਾਣਾ ਦਾ ਕੱਲ੍ਹ ਸਵੇਰੇ ਕਰੀਬ 9 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਹਰਿਆਣਾ ਕਾਂਗਰਸ ਦੀ ਰਾਜਨੀਤੀ ਵਿੱਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਅੰਬਾਲਾ ਸ਼ਹਿਰ ਦੇ ਰਾਮਬਾਗ ਵਿਖੇ ਕੀਤਾ ਗਿਆ। ਲੋਕਾਂ ਨੇ ਉਨ੍ਹਾਂ ਨੂੰ ਹੰਝੂਆਂ ਨਾਲ ਵਿਦਾਇਗੀ ਦਿੱਤੀ।
ਚੌਧਰੀ ਫੂਲ ਚੰਦ ਮੁਲਾਣਾ ਹਰਿਆਣਾ ਕਾਂਗਰਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਸੂਬਾ ਪ੍ਰਧਾਨਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਅਗਸਤ 2007 ਤੋਂ ਫਰਵਰੀ 2014 ਤੱਕ ਲਗਭਗ ਸਾਢੇ ਛੇ ਸਾਲ ਸੂਬਾ ਕਾਂਗਰਸ ਦੀ ਅਗਵਾਈ ਕੀਤੀ। ਉਹ ਚਾਰ ਵਾਰ ਵਿਧਾਇਕ ਚੁਣੇ ਗਏ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦਾ ਪੁੱਤਰ ਵਰੁਣ ਚੌਧਰੀ ਇਸ ਸਮੇਂ ਅੰਬਾਲਾ ਤੋਂ ਕਾਂਗਰਸ ਦਾ ਸੰਸਦ ਮੈਂਬਰ ਹੈ, ਜਦੋਂਕਿ ਉਨ੍ਹਾਂ ਦੀ ਨੂੰਹ ਪੂਜਾ ਚੌਧਰੀ ਮੁਲਾਣਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ।
ਅੰਤਿਮ ਸੰਸਕਾਰ ਤੋਂ ਪਹਿਲਾਂ ਸਰਕਾਰੀ ਸਨਮਾਨ ਦਾ ਮੁੱਦਾ ਵੀ ਉੱਠਿਆ। ਕਾਂਗਰਸ ਦੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਪ੍ਰੋਟੋਕਾਲ ਅਨੁਸਾਰ ਰਾਜ ਸੋਗ ਦਾ ਐਲਾਨ ਨਾ ਕੀਤੇ ਜਾਣ 'ਤੇ ਇਤਰਾਜ਼ ਜਤਾਇਆ ਅਤੇ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ। ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਅੰਤਿਮ ਸੰਸਕਾਰ ਦੌਰਾਨ ਫੂਲ ਚੰਦ ਮੁਲਾਣਾ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
