ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਅਗਸਤ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਤੇ ਵਿਕਾਸ ਕਾਰਜਾਂ ਸਬੰਧੀ ਉਨ੍ਹਾਂ ਦੇ ਵਿਚਾਰ ਜਾਣਨ ਲਈ ਸ਼ੁਰੂ ਕੀਤੇ ਗਏ ‘ਲੋਕ ਮਿਲਣੀ’ ਪ੍ਰੋਗਰਾਮਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡ ਰਾਏਪੁਰ ਕਲਾਂ ਅਤੇ ਮੌਜਪੁਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਕਰਵਾਏ ਗਏ।
ਇਸ ਮੌਕੇ ਮੋਹਾਲੀ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਨੇ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਚੱਲ ਰਹੇ ਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਲੋਕਾਂ ਦੀ ਵੱਡੀ ਸ਼ਮੂਲੀਅਤ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਅਤੇ ਉਤਸ਼ਾਹ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ। ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਸੁਝਾਅ ਅਤੇ ਫੀਡਬੈਕ ਵੀ ਲਏ ਜਾ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਰਾਏਪੁਰ ਕਲਾਂ ਵਿੱਚ ‘ਰੰਗਲਾ ਪੰਜਾਬ’ ਮੁਹਿੰਮ ਤਹਿਤ ਨਾਲੀਆਂ ਦੀ ਉਸਾਰੀ ਲਈ 5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਮੁਹਿੰਮ ਤਹਿਤ ਲਾਂਡਰਾਂ ਰੋਡ ਤੋਂ ਫਿਰਨੀ ਤੱਕ ਸੜਕ ਦੀ ਮੁਰੰਮਤ ਲਈ 10 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਪਿੰਡ ਵਿੱਚ ਲਗਭਗ 8 ਲੱਖ ਰੁਪਏ ਦੀ ਲਾਗਤ ਨਾਲ ਧਰਮਸ਼ਾਲਾ ਵਾਲਾ ਚੌਂਕ ਤਿਆਰ ਕੀਤਾ ਗਿਆ ਹੈ, ਜਦਕਿ 4 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਲਈ ਸਾਢੇ 6 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਰਾਏਪੁਰ ਕਲਾਂ ਵਿੱਚ 37 ਲੱਖ ਰੁਪਏ ਦੀ ਲਾਗਤ ਨਾਲ ਖੇਡ ਗਰਾਊਂਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ‘ਰੰਗਲਾ ਪੰਜਾਬ’ ਮੁਹਿੰਮ ਤਹਿਤ ਸਰਪੰਚ ਵਾਲੇ ਚੌਂਕ ਲਈ 5 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਮੌਜਪੁਰ ਵਿੱਚ ਵੀ ‘ਰੰਗਲਾ ਪੰਜਾਬ’ ਮੁਹਿੰਮ ਤਹਿਤ ਗਲੀਆਂ-ਨਾਲੀਆਂ ਦੀ ਥਾਂ ਪਾਈਪ ਪਾਉਣ ਲਈ 5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਫਿਰਨੀ ਦੇ ਰਹਿੰਦੇ ਹਿੱਸੇ ਦੀ ਉਸਾਰੀ ਲਈ 7 ਲੱਖ ਰੁਪਏ, ਸਟਰੀਟ ਲਾਈਟਾਂ ਲਈ 4 ਲੱਖ ਰੁਪਏ ਅਤੇ ਲਿੰਕ ਰੋਡ ਤੋਂ ਸਕੂਲ ਤੱਕ ਪੇਵਰ ਲਗਾਉਣ ਲਈ 3 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਵਿਧਾਇਕ ਨੇ ਦੱਸਿਆ ਕਿ ਮੌਜਪੁਰ ਵਿੱਚ ਲਗਭਗ 35 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 2 ਲੋੜਵੰਦ ਪਰਿਵਾਰਾਂ ਲਈ 4 ਲੱਖ ਰੁਪਏ ਦੀ ਸਹਾਇਤਾ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਥਾਪਰ ਮਾਡਲ ਤਹਿਤ ਪਿੰਡ ਦੇ ਟੋਬੇ ਦਾ ਲਗਭਗ 16 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਵਿਸਥਾਰਤ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਿਹੜੇ ਕੰਮ ਅਜੇ ਰਹਿੰਦੇ ਹਨ, ਉਨ੍ਹਾਂ ਨੂੰ ਵੀ ਤਰਜੀਹ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
ਵਿਧਾਇਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਅਮਨ-ਸ਼ਾਂਤੀ ਵਾਲਾ ਮਾਹੌਲ ਹੈ ਅਤੇ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਆਪ-ਮੁਹਾਰੇ ਵੱਡੀ ਸ਼ਮੂਲੀਅਤ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਲੋਕ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੇ ਆਧਾਰ ’ਤੇ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਮੁੜ ਸੇਵਾ ਦਾ ਮੌਕਾ ਦੇਣ ਲਈ ਤਿਆਰ ਹਨ।
ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਆਰ.ਪੀ. ਸ਼ਰਮਾ, ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ ਮੋਹਾਲੀ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਅਵਤਾਰ ਸਿੰਘ ਮੌਲੀ, ਅਮਰਜੀਤ ਸਿੰਘ ਸਿੱਧੂ, ਹਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਿਆਲੀ, ਗੁਰਜੰਟ ਸਿੰਘ ਸਰਪੰਚ ਭਾਗੋਮਾਜਰਾ, ਮਨਪ੍ਰੀਤ ਸਿੰਘ ਬੈਰਮਪੁਰ, ਰਣਜੀਤ ਸਿੰਘ, ਲਖਮੀਰ ਸਿੰਘ ਸਰਪੰਚ ਰਾਏਪੁਰ ਕਲਾਂ, ਹਰਗੋਬਿੰਦ ਸਿੰਘ, ਸਲੀਮ ਖਾਨ ਪੰਚ, ਮੰਗਾ ਪੰਚ, ਗੁਰਜਿੰਦਰ ਸਿੰਘ ਪੰਚ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।