ਗੜ੍ਹਸ਼ੰਕਰ:- ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈਆਂ ਬਲਾਕ ਗੜ੍ਹਸ਼ੰਕਰ ਦੀ ਸਾਂਝੀ ਮੀਟਿੰਗ ਗੁਰਨਾਮ ਸਿੰਘ ਹਾਜੀਪੁਰ ਅਤੇ  ਸਾਥੀ ਬਲਵੰਤ ਰਾਮ ਦੀ ਅਗਵਾਈ ਵਿੱਚ ਗਾਂਧੀ ਪਾਰਕ ਗੜਸ਼ੰਕਰ ਵਿਖੇ ਹੋਈ। ਮੀਟਿੰਗ ਦੇ ਫੈਸਲਿਆਂ ਬਾਰੇ  ਮੁਲਾਜ਼ਮ ਆਗੂ ਹਰਜਿੰਦਰ ਸੂਨੀ ਅਤੇ ਪਵਨ ਕੁਮਾਰ ਗੜ੍ਹੀ  ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਵਾਜਬ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਵਿਰੋਧ ਵਿੱਚ ਅਤੇ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਸਮੇਂ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ 8 ਤੋਂ 11 ਮਾਰਚ ਤੱਕ ਲਗਾਤਾਰ ਚਾਰ ਦਿਨ ਵਿਧਾਨ ਸਭਾ ਵੱਲ ਮਾਰਚ ਕਰਕੇ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ।
 ਤਾਂ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਕੀਤੇ ਵਾਅਦੇ ਅੰਨੀ, ਬੋਲੀ ਤੇ ਗੁੰਗੀ ਭਗਵੰਤ ਮਾਨ ਸਰਕਾਰ ਨੂੰ ਯਾਦ ਕਰਵਾਏ ਜਾ ਸਕਣ। ਅੱਠ ਮਾਰਚ ਨੂੰ ਗੜ੍ਹਸ਼ੰਕਰ ਤੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਵਰਕਰ ਵੱਡੀ ਤਦਾਦ ਵਿੱਚ ਵਿਧਾਨ ਸਭਾ  ਦੇ ਘਿਰਾਓ ਵਿੱਚ ਸ਼ਾਮਿਲ ਹੋਣਗੇ।  ਇਸ ਸਮੇਂ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਪਾਲ ਮਿਨਹਾਸ ਤੇ ਅਧਿਆਪਕ ਆਗੂ ਪਵਨ ਗੋਇਲ ਨੇ ਦੱਸਿਆ ਕਿ ਅੱਠ ਮਾਰਚ ਨੂੰ ਗੜ੍ਹਸ਼ੰਕਰ ਤੋਂ ਅਧਿਆਪਕ ਦਾ ਵੱਡਾ ਜਥਾ ਵੀ  ਚੰਡੀਗੜ੍ਹ ਲਈ ਰਵਾਨਾ ਹੋਵੇਗਾ। 
8 ਮਾਰਚ  ਨੂੰ ਵਿਧਾਨ ਸਭਾ ਵੱਲ ਮਾਰਚ ਦੀ ਅਗਵਾਈ ਉੱਘੇ ਮੁਲਾਜ਼ਮ ਤੇ ਪੈਨਸ਼ਨਰ ਆਗੂ ਸਾਥੀ ਸਤੀਸ਼ ਰਾਣਾ ਤੇ ਕਰਮ ਸਿੰਘ ਧਨੋਆ ਕਰਨਗੇ। ਮੰਗਾਂ ਵਾਰੇ ਆਗੂਆਂ ਕਿਹਾ ਕਿ ਆਪ ਸਰਕਾਰ ਆਪਣੇ ਕੀਤੇ ਚੋਣ ਵਾਅਦਿਆਂ ਅਨੁਸਾਰ ਹਰ ਤਰਾਂ ਤੇ ਕੱਚੇ ਮੁਲਾਜ਼ਮ ਪੱਕੇ ਕਰੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ,ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆਂਦਾ ਜਾਵੇ,ਅਧਿਆਪਕਾਂ ਤੇ ਲਈ ਟੈਟ ਦੀ ਸ਼ਰਤ ਰੱਦ ਕਾਰਵਾਈ ਜਾਵੇ, ਪੈਨਸ਼ਨਰਜ਼ ਤੇ 2.59 ਦਾ ਗੁਨਾਂਕ ਲਾਗੂ ਕੀਤਾ ਜਾਵੇ।
 ਡੀ. ਏ. ਤੇ ਪੇ ਕਮਿਸ਼ਨ ਦੇ ਬਕਾਏ ਯਕਮੁਸ਼ਤ ਜਾਰੀ ਕੀਤੇ ਜਾਣ,ਠੇਕੇਦਾਰੀ ਸਿਸਟਮ ਦੀ ਥਾਂ ਰੈਗੂਲਰ ਭਾਰਤੀ ਕੀਤੀ ਜਾਵੇ,ਮਹਿੰਗਾਈ ਨੂੰ ਨੱਥ ਪਾਈ ਜਾਵੇ । ਆਗੂਆਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵਿਧਾਨ ਸਭਾ ਘਿਰਾਓ ਵਿੱਚ ਵੱਡੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਗੋਪੀ ਰਾਮ, ਗਿਆਨੀ ਅਵਤਾਰ ਸਿੰਘ,ਬਾਬੂ ਪਰਮਾ ਨੰਦ,ਜੋਗਿੰਦਰ ਹੀਰ ਦਦੀਆਲ,ਸ਼ਿੰਗਾਰਾ ਰਾਮ ਭੱਜਲ, ਰਤਨ ਸਿੰਘ ਹਾਜ਼ਿਰ ਸਨ।