ਆਕਲੈਂਡ, ਨਿਊਜ਼ੀਲੈਂਡ:- ਆਕਲੈਂਡ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਵਿਰਾਟ ਕੋਹਲੀ ਵਨਡੇ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਪਿੱਛੇ ਛੱਡ ਦਿੱਤਾ ਹੈ। ਰੋਹਿਤ ਸ਼ਰਮਾ ਆਪਣੇ ਕਰੀਅਰ ਵਿੱਚ 17ਵੀਂ ਵਾਰ ਬਿਨਾਂ ਕੋਈ ਦੌੜ ਬਣਾਏ (ਡੱਕ ’ਤੇ) ਆਊਟ ਹੋਏ। ਇਸ ਦੌਰਾਨ ਅਰਸ਼ਦੀਪ ਸਿੰਘ ਨੇ ਕਾਇਲ ਜੈਮੀਸਨ ਦੀ ਵਿਕਟ ਲੈਣ ਤੋਂ ਬਾਅਦ ਡਾਂਸ ਕੀਤਾ ਅਤੇ ਆਪਣਾ ਇਹ ਅੰਦਾਜ਼ ਆਪਣੀ ਪ੍ਰੇਮਿਕਾ ਨੂੰ ਸਮਰਪਿਤ ਕੀਤਾ।
ਕੋਹਲੀ ਨੇ ਹੁਣ ਵਨਡੇ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਕੁੱਲ 8,741 ਦੌੜਾਂ ਬਣਾ ਲਈਆਂ ਹਨ, ਜੋ ਸਚਿਨ ਤੇਂਦੁਲਕਰ ਦੀਆਂ 8,720 ਦੌੜਾਂ ਤੋਂ ਵੱਧ ਹਨ। ਵਿਰਾਟ ਕੋਹਲੀ ਨੇ ਵਨਡੇ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 1,971 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ ਅਤੇ ਇਸ ਮਾਮਲੇ ਵਿੱਚ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਦੀ ਬਰਾਬਰੀ ਕਰ ਲਈ ਹੈ। ਹੁਣ ਦੋਵੇਂ ਖਿਡਾਰੀ ਇਸ ਮਾਮਲੇ ਵਿੱਚ ਸਾਂਝੇ ਤੌਰ ’ਤੇ ਸਿਖਰਲੇ ਸਥਾਨ ’ਤੇ ਹਨ।
ਵਿਰਾਟ ਕੋਹਲੀ ਵਨਡੇ ਵਿੱਚ ਨੰਬਰ ਤਿੰਨ ’ਤੇ ਬੱਲੇਬਾਜ਼ੀ ਕਰਦਿਆਂ 13,000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੂੰ 12 ਦੌੜਾਂ ਦੀ ਲੋੜ ਸੀ, ਜੋ ਉਨ੍ਹਾਂ ਨੇ ਸੱਤਵੇਂ ਓਵਰ ਦੀ ਦੂਜੀ ਗੇਂਦ ’ਤੇ ਆਪਣੀ 12ਵੀਂ ਦੌੜ ਬਣਾ ਕੇ ਹਾਸਲ ਕਰ ਲਿਆ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਵਨਡੇ ਵਿੱਚ ਨੰਬਰ ਤਿੰਨ ’ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਹਨ। ਉਨ੍ਹਾਂ ਨੇ ਇਸ ਸਥਾਨ ’ਤੇ ਬੱਲੇਬਾਜ਼ੀ ਕਰਦਿਆਂ ਕੁੱਲ 12,662 ਦੌੜਾਂ ਬਣਾਈਆਂ ਸਨ।
