ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਉੱਤਰਾਖੰਡ ਦਾ ਤਿੰਨ ਦਿਨਾਂ ਦਾ ਵਿਦਿਅਕ ਤੇ ਧਾਰਮਿਕ ਟੂਰ ਲਗਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਪਾਉਂਟਾ ਸਾਹਿਬ, ਦੇਹਰਾਦੂਨ, ਰਿਸ਼ੀਕੇਸ਼ ਅਤੇ ਹਰਿਦੁਆਰ ਸਮੇਤ ਕਈ ਇਤਿਹਾਸਕ, ਧਾਰਮਿਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਦਾ ਦੌਰਾ ਕੀਤਾ।

ਵਿਦਿਅਕ ਟੂਰ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ।

ਦੂਜੇ ਦਿਨ ਦੇਹਰਾਦੂਨ ਸਥਿਤ ਫੌਰੈਸਟ ਰਿਸਰਚ ਇੰਸਟੀਚਿਊਟ ਦੇ ਅਜਾਇਬ ਘਰ ਦਾ ਦੌਰਾ ਕਰਕੇ ਵਾਤਾਵਰਨ, ਜੰਗਲਾਂ ਅਤੇ ਜੀਵ-ਵਿਭਿੰਨਤਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਟਪਕੇਸ਼ਵਰ ਮਹਾਦੇਵ ਮੰਦਰ ਅਤੇ ਗੁੱਚੂਪਾਨੀ, ਜਿਸ ਨੂੰ ਰੌਬਰਜ਼ ਕੇਵ ਵੀ ਕਿਹਾ ਜਾਂਦਾ ਹੈ, ਵਿਖੇ ਕੁਦਰਤ ਦੀ ਸੁੰਦਰਤਾ ਨੂੰ ਨੇੜਿਓਂ ਤੱਕਿਆ।

ਰਿਸ਼ੀਕੇਸ਼ ਵਿਖੇ ਜਾਨਕੀ ਸੇਤੂ, ਰਾਮ ਝੂਲਾ ਅਤੇ ਲਕਸ਼ਮਣ ਝੂਲਾ ਦੇਖਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਵਿਖੇ ਮੱਥਾ ਟੇਕਿਆ। ਆਖ਼ਰੀ ਦਿਨ ਹਰਿ ਕੀ ਪੌੜੀ ਦੇ ਦਰਸ਼ਨ ਕਰਨ ਉਪਰੰਤ ਕ੍ਰਿਸਟਲ ਵਰਲਡ ਐਮਿਊਜ਼ਮੈਂਟ ਅਤੇ ਵਾਟਰ ਪਾਰਕ ਦਾ ਦੌਰਾ ਕੀਤਾ।

ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਧਰਮਾਂ, ਸੱਭਿਆਚਾਰਾਂ, ਇਤਿਹਾਸਕ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਬਾਰੇ ਆਪਣੇ ਗਿਆਨ ਵਿੱਚ ਵਾਧਾ ਕੀਤਾ।

ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਕਿਹਾ ਕਿ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਅਮਲੀ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ। ਇਸ ਟੂਰ ਵਿੱਚ ਇਤਿਹਾਸ ਵਿਭਾਗ ਤੋਂ ਡਾ. ਹਰਵਿੰਦਰ ਕੌਰ ਅਤੇ ਸਿੱਖਿਆ ਵਿਭਾਗ ਤੋਂ ਡਾ. ਨਰੇਸ਼ ਕੁਮਾਰੀ ਵੀ ਸ਼ਾਮਲ ਹੋਏ।