ਕਰਨਾਲ, 16 ਨਵੰਬਰ (ਪ੍ਰਵੀਨ ਵਾਲੀਆ):- ਕਰਨਾਲ ਵਿੱਚ ਅੱਜ ਪੱਤਰਕਾਰਾਂ ਵੱਲੋਂ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੱਤਰਕਾਰਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਪੱਤਰਕਾਰਾਂ ਨਾਲ ਪ੍ਰੈੱਸ ਕੌਂਸਲ ਦੇ ਸਬੰਧਾਂ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਡਾ. ਕੇ.ਕੇ. ਸੰਧੂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਮੁੱਖ ਤੌਰ 'ਤੇ ਸੀਨੀਅਰ ਪੱਤਰਕਾਰ ਸ਼ਿਵ ਕੁਮਾਰ ਸ਼ਰਮਾ, ਸ਼ੈਲੇਂਦਰ ਜੈਨ, ਯਸ਼ਪਾਲ ਕਾਦਿਆਨ, ਦੀਪਕ ਕਾਂਬੋਜ, ਬਿਸ਼ਪਾਲ ਰਾਣਾ, ਕਦਮ ਸਿੰਘ, ਪਵਨ ਸ਼ਰਮਾ, ਸੀਨੀਅਰ ਪੱਤਰਕਾਰ ਡਾ. ਅਸ਼ੋਕ, ਪੰਕਜ, ਪਲਵਿੰਦਰ ਸਿੰਘ ਸੱਗੂ, ਕਰਨ ਕੁਮਾਰ, ਰਾਕੇਸ਼ ਲਾਂਬਾ, ਸੰਦੀਪ ਰੋਹਿਲਾ, ਰਵਿੰਦਰ ਮਲਿਕ, ਪਰਮਜੀਤ ਕੌਰ, ਸੋਨੀ ਦੂਆ, ਪ੍ਰਵੀਨ ਅਤੇ ਮੀਨਾਕਸ਼ੀ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਮੌਜੂਦ ਰਹੇ।
ਪ੍ਰੈੱਸ ਦਿਵਸ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਡਾ. ਕੇ.ਕੇ. ਸੰਧੂ ਨੇ ਕਿਹਾ ਕਿ ਭਾਰਤੀ ਪ੍ਰੈੱਸ ਕੌਂਸਲ ਦੀ ਸਥਾਪਨਾ 16 ਨਵੰਬਰ ਨੂੰ ਹੀ ਕੀਤੀ ਗਈ ਸੀ। ਉਸ ਸਮੇਂ ਤੋਂ ਹਰ ਸਾਲ ਪ੍ਰੈੱਸ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਪੱਤਰਕਾਰੀ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਬਦਲਾਅ ਦੇ ਦੌਰ ਵਿੱਚੋਂ ਲੰਘਦਿਆਂ ਆਪਣੀ ਭਰੋਸੇਯੋਗਤਾ ਕਾਇਮ ਰੱਖਣੀ ਚਾਹੀਦੀ ਹੈ।
ਇਸ ਮੌਕੇ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਪੱਤਰਕਾਰਾਂ ਨੂੰ ਪੱਤਰਕਾਰੀ ਦੇ ਪੁਰਾਣੇ ਮਾਣ-ਸਨਮਾਨ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਸਾਰੇ ਪੱਤਰਕਾਰਾਂ ਨੂੰ ਮਿਲ ਕੇ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਪੱਤਰਕਾਰੀ ਦੀ ਭਰੋਸੇਯੋਗਤਾ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।
ਉੱਥੇ ਹੀ ਸ਼ੈਲੇਂਦਰ ਜੈਨ ਨੇ ਕਿਹਾ ਕਿ ਪੱਤਰਕਾਰੀ ਦੇ ਬਦਲਦੇ ਦੌਰ ਵਿੱਚ ਪੱਤਰਕਾਰ ਸਾਹਮਣੇ ਸਭ ਤੋਂ ਵੱਡੀ ਪਰਖ ਮੌਲਿਕਤਾ ਦੀ ਹੈ। ਜੇਕਰ ਪੱਤਰਕਾਰ ਮੈਦਾਨ ਵਿੱਚ ਰਹਿ ਕੇ ਕੰਮ ਕਰਨਗੇ ਤਾਂ ਨਿਸ਼ਚਿਤ ਤੌਰ 'ਤੇ ਉਨ੍ਹਾਂ ਦਾ ਸਨਮਾਨ ਵਧੇਗਾ। ਪੱਤਰਕਾਰ ਨੂੰ ਹਰ ਤਰ੍ਹਾਂ ਦੇ ਵਿਕਾਰਾਂ ਤੋਂ ਦੂਰ ਰਹਿ ਕੇ ਸਾਰਿਆਂ ਨਾਲ ਬਰਾਬਰੀ ਦਾ ਵਿਹਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਸਾਰੇ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
