ਚੰਡੀਗੜ੍ਹ, 21 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਧਰਮਖੇਤਰ-ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ 5 ਦਸੰਬਰ ਤੋਂ 25 ਦਸੰਬਰ ਤੱਕ 11ਵੇਂ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾਵੇਗਾ। ਇਸ ਮਹੋਤਸਵ ਵਿੱਚ ਸੱਭਿਆਚਾਰ, ਗਿਆਨ ਅਤੇ ਅਧਿਆਤਮਿਕਤਾ ਦਾ ਅਦਭੁਤ ਸੰਗਮ ਦੇਖਣ ਨੂੰ ਮਿਲੇਗਾ। ਇਸ ਸਾਲ ਪਹਿਲੀ ਵਾਰ ਦਿੱਲੀ ਅਤੇ ਪੱਛਮੀ ਬੰਗਾਲ ਸਹਿਯੋਗੀ ਰਾਜਾਂ ਦੀ ਭੂਮਿਕਾ ਨਿਭਾਉਣਗੇ। ਉੱਥੇ ਹੀ, ਮਾਰੀਸ਼ਸ ਦੇ ਰਾਸ਼ਟਰਪਤੀ ਸ੍ਰੀ ਧਰਮਬੀਰ ਗੋਖੂਲ 14 ਦਸੰਬਰ ਨੂੰ ਬ੍ਰਹਮਸਰੋਵਰ ਵਿਖੇ ਗੀਤਾ ਯੱਗ ਅਤੇ ਪੂਜਨ ਦੇ ਨਾਲ ਮਹੋਤਸਵ ਦਾ ਵਿਧੀਵਤ ਸ਼ੁਭਾਰੰਭ ਕਰਨਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਜਾਣਕਾਰੀ ਸ਼ਨੀਵਾਰ ਨੂੰ ਕੁਰੂਕਸ਼ੇਤਰ ਦੇ ਜੋਤੀਸਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਆਯੋਜਨ ਸਬੰਧੀ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਪੱਛਮੀ ਬੰਗਾਲ ਦੇ ਰਾਜ ਮੰਤਰੀ ਸ੍ਰੀ ਉਮੇਸ਼ ਰਾਏ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਸਾਬਕਾ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਇਸ ਪਵਿੱਤਰ ਧਰਤੀ ’ਤੇ ਸਰਸਵਤੀ ਦੇ ਕੰਢਿਆਂ ’ਤੇ ਵੇਦਾਂ, ਉਪਨਿਸ਼ਦਾਂ ਅਤੇ ਪੁਰਾਣਾਂ ਦੀ ਰਚਨਾ ਹੋਈ ਅਤੇ ਇਸੇ ਧਰਤੀ ਨੂੰ ਸ੍ਰੀਮਦਭਗਵਦਗੀਤਾ ਦੀ ਜਨਮਭੂਮੀ ਹੋਣ ਦਾ ਵਿਸ਼ੇਸ਼ ਸੁਭਾਗ ਪ੍ਰਾਪਤ ਹੋਇਆ। ਕੁਰੂਕਸ਼ੇਤਰ ਦੀ ਯੁੱਧਭੂਮੀ ਵਿੱਚ ਮੋਹਗ੍ਰਸਤ ਅਰਜੁਨ ਨੂੰ ਭਗਵਾਨ ਸ੍ਰੀਕ੍ਰਿਸ਼ਨ ਵੱਲੋਂ ਸ੍ਰੀਮਦਭਗਵਦਗੀਤਾ ਦਾ ਜੋ ਸ਼ਾਸ਼ਵਤ ਉਪਦੇਸ਼ ਦਿੱਤਾ ਗਿਆ ਸੀ, ਇਸ ਸਾਲ ਉਸ ਉਪਦੇਸ਼ ਨੂੰ ਦਿੱਤੇ ਹੋਏ 5,164 ਸਾਲ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਕੁਰੂਕਸ਼ੇਤਰ ਆਉਣ ਦੌਰਾਨ ਇਸ ਨੂੰ ਗੀਤਾ ਸਥਲੀ ਵਜੋਂ ਪਛਾਣ ਦਿਵਾਉਣ ਲਈ ਹਰ ਸੰਭਵ ਯਤਨ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਾਲ 2016 ਵਿੱਚ ਕੁਰੂਕਸ਼ੇਤਰ ਵਿੱਚ ਗੀਤਾ ਮਹੋਤਸਵ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਪਿਛਲੇ 10 ਸਾਲਾਂ ਵਿੱਚ ਇਸ ਮਹੋਤਸਵ ਨੂੰ ਅਪਾਰ ਸਫਲਤਾ ਅਤੇ ਲੋਕਪ੍ਰਿਯਤਾ ਮਿਲੀ ਹੈ। ਮਾਰੀਸ਼ਸ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਸ੍ਰੀਲੰਕਾ, ਇੰਡੋਨੇਸ਼ੀਆ ਅਤੇ ਜਾਪਾਨ ਸਮੇਤ ਹੋਰ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਸ਼ਾਨਦਾਰ ਆਯੋਜਨ ਹੋ ਚੁੱਕੇ ਹਨ।
**ਪਹਿਲੀ ਵਾਰ ਦਿੱਲੀ ਅਤੇ ਪੱਛਮੀ ਬੰਗਾਲ ਹੋਣਗੇ ਸਹਿਯੋਗੀ ਰਾਜ**
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਪਹਿਲੀ ਵਾਰ ਦਿੱਲੀ ਅਤੇ ਪੱਛਮੀ ਬੰਗਾਲ ਸਹਿਯੋਗੀ ਰਾਜਾਂ ਦੀ ਭੂਮਿਕਾ ਨਿਭਾਉਣਗੇ। ਦੋਵਾਂ ਰਾਜਾਂ ਵੱਲੋਂ ਪੁਰਸ਼ੋਤਮਪੁਰਾ ਬਾਗ ਵਿੱਚ ਸੱਭਿਆਚਾਰਕ ਪੈਵੇਲੀਅਨ ਸਥਾਪਤ ਕੀਤੇ ਜਾਣਗੇ, ਜਿੱਥੇ ਸੈਲਾਨੀ ਅਤੇ ਸ਼ਰਧਾਲੂ ਇਨ੍ਹਾਂ ਰਾਜਾਂ ਦੇ ਸੱਭਿਆਚਾਰ, ਸ਼ਿਲਪਕਲਾ ਅਤੇ ਖਾਣ-ਪੀਣ ਤੋਂ ਜਾਣੂ ਹੋ ਸਕਣਗੇ।
**5 ਦਸੰਬਰ ਨੂੰ ਸ਼ਿਲਪ ਅਤੇ ਸਰਸ ਮੇਲੇ ਨਾਲ ਹੋਵੇਗੀ ਮਹੋਤਸਵ ਦੀ ਸ਼ੁਰੂਆਤ**
ਮੁੱਖ ਮੰਤਰੀ ਨੇ ਦੱਸਿਆ ਕਿ ਮਹੋਤਸਵ ਦੀ ਸ਼ੁਰੂਆਤ 5 ਦਸੰਬਰ ਨੂੰ ਬ੍ਰਹਮਸਰੋਵਰ ਦੇ ਕੰਢੇ ਵਿਸ਼ਾਲ ਸ਼ਿਲਪ ਅਤੇ ਸਰਸ ਮੇਲੇ ਨਾਲ ਹੋਵੇਗੀ। ਇਹ ਮੇਲਾ 25 ਦਸੰਬਰ ਤੱਕ ਕੁੱਲ 21 ਦਿਨ ਚੱਲੇਗਾ। ਇਸ ਵਿੱਚ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰਾਂ ਅਤੇ ਸ਼ਿਲਪਕਾਰਾਂ ਦਾ ਸੰਗਮ ਦੇਖਣ ਨੂੰ ਮਿਲੇਗਾ। 4 ਦਸੰਬਰ ਨੂੰ ਜੋਤੀਸਰ ਤੋਂ ਸਰਸਵਤੀ ਸੇਤੂ, ਪੀਪਲੀ ਤੱਕ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਗੀਤਾ ਸਦਭਾਵਨਾ ਯਾਤਰਾ ਕੱਢੀ ਜਾਵੇਗੀ। 5 ਦਸੰਬਰ ਨੂੰ ਗੀਤਾ ਰਨ ਦਾ ਆਯੋਜਨ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਮਾਰੀਸ਼ਸ ਦੇ ਰਾਸ਼ਟਰਪਤੀ ਸ੍ਰੀ ਧਰਮਬੀਰ ਗੋਖੂਲ ਬ੍ਰਹਮਸਰੋਵਰ ਵਿਖੇ ਗੀਤਾ ਯੱਗ ਅਤੇ ਪੂਜਨ ਦੇ ਨਾਲ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਵਿਧੀਵਤ ਸ਼ੁਭਾਰੰਭ ਕਰਨਗੇ। ਇਸੇ ਦਿਨ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਅੰਤਰਰਾਸ਼ਟਰੀ ਗੀਤਾ ਸੰਗੋਸ਼ਠੀ ਸ਼ੁਰੂ ਹੋਵੇਗੀ। ਇਸ ਵਿੱਚ ਦੇਸ਼-ਵਿਦੇਸ਼ ਦੇ ਗੀਤਾ ਮਰਮੱਗ, ਵਿਦਵਾਨ ਅਤੇ ਖੋਜਾਰਥੀ ਆਨਲਾਈਨ ਮਾਧਿਅਮ ਰਾਹੀਂ ਵੀ ਆਪਣੇ ਖੋਜ-ਪੱਤਰ ਪੇਸ਼ ਕਰਨਗੇ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਰਾਹੀਂ 16 ਦੇਸ਼ਾਂ ਦੇ 20 ਵਿਦਵਾਨ ਇਸ ਸੰਗੋਸ਼ਠੀ ਵਿੱਚ ਹਿੱਸਾ ਲੈਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਰਾਹੀਂ 90 ਤੋਂ ਵੱਧ ਦੇਸ਼ਾਂ ਵਿੱਚ ਗੀਤਾ ਮਹੋਤਸਵ ਦੇ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਮਹੋਤਸਵ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਇਲਾਵਾ ਐਨਆਈਡੀ ਅਤੇ ਆਯੁਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਵੱਲੋਂ ਵੀ 14 ਦਸੰਬਰ ਤੋਂ 20 ਦਸੰਬਰ ਤੱਕ ਆਪਣੇ-ਆਪਣੇ ਸੰਸਥਾਨਾਂ ਵਿੱਚ ਗੀਤਾ ਸੈਮੀਨਾਰ ਕਰਵਾਏ ਜਾਣਗੇ।
**ਸੰਤ ਸੰਮੇਲਨ, ਦੇਵਸਥਾਨਮ ਸੰਮੇਲਨ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ ਮੁੱਖ ਆਕਰਸ਼ਣ**
ਮੁੱਖ ਮੰਤਰੀ ਨੇ ਦੱਸਿਆ ਕਿ 7 ਦਸੰਬਰ ਤੋਂ 13 ਦਸੰਬਰ ਤੱਕ ਗੀਤਾ ਗਿਆਨਮ ਸੰਸਥਾਨ ਵਿੱਚ ਕਥਾ ਕਰਵਾਈ ਜਾਵੇਗੀ। 13 ਦਸੰਬਰ ਨੂੰ ਕੁਰੂਕਸ਼ੇਤਰ ਮੇਲੇ ਵਿੱਚ ਸੰਤ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਸੰਤ ਗੀਤਾ ਅਤੇ ਅਧਿਆਤਮਿਕਤਾ ਦੇ ਵਿਸ਼ੇ ’ਤੇ ਚਰਚਾ ਕਰਨਗੇ। ਇਸੇ ਤਰ੍ਹਾਂ 18 ਅਤੇ 19 ਦਸੰਬਰ ਨੂੰ ਅਖਿਲ ਭਾਰਤੀ ਦੇਵਸਥਾਨਮ ਸੰਮੇਲਨ ਕਰਵਾਇਆ ਜਾਵੇਗਾ। ਇਸ ਵਿੱਚ ਭਾਰਤਵਰਸ਼ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਸਮੇਤ 20 ਤੋਂ ਵੱਧ ਦੇਸ਼ਾਂ ਦੇ ਸੰਤ ਹਿੱਸਾ ਲੈਣਗੇ।
ਉਨ੍ਹਾਂ ਦੱਸਿਆ ਕਿ 5 ਦਸੰਬਰ ਤੋਂ 25 ਦਸੰਬਰ ਤੱਕ ਬ੍ਰਹਮਸਰੋਵਰ ਦੇ ਪਵਿੱਤਰ ਕੰਢੇ ਸ਼ਾਨਦਾਰ ਭਜਨ ਸੰਧਿਆ ਅਤੇ ਗੀਤਾ ਮਹਾਆਰਤੀ ਕਰਵਾਈ ਜਾਵੇਗੀ। 10 ਦਸੰਬਰ ਤੋਂ 20 ਦਸੰਬਰ ਤੱਕ 48 ਕੋਸ ਕੁਰੂਕਸ਼ੇਤਰ ਭੂਮੀ ਦੇ ਤੀਰਥਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। 14 ਦਸੰਬਰ ਤੋਂ 20 ਦਸੰਬਰ ਤੱਕ ਰੋਜ਼ਾਨਾ ਬ੍ਰਹਮਸਰੋਵਰ ਦੇ ਪੁਰਸ਼ੋਤਮਪੁਰਾ ਬਾਗ ਵਿੱਚ ਗੀਤਾ, ਮਹਾਭਾਰਤ ਅਤੇ ਸ੍ਰੀਕ੍ਰਿਸ਼ਨ ਵਿਸ਼ੇ ’ਤੇ ਆਧਾਰਿਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਣਗੇ।
ਉਨ੍ਹਾਂ ਕਿਹਾ ਕਿ ਗੀਤਾ ਜਯੰਤੀ ਦੇ ਮੌਕੇ ’ਤੇ 20 ਦਸੰਬਰ ਨੂੰ ਜੋਤੀਸਰ ਤੀਰਥ ’ਤੇ ਗੀਤਾ ਯੱਗ, ਗੀਤਾ ਪਾਠ ਅਤੇ ਭਾਗਵਤ ਕਥਾ ਕਰਵਾਈ ਜਾਵੇਗੀ। ਇਸੇ ਦਿਨ ਥੀਮ ਪਾਰਕ, ਕੁਰੂਕਸ਼ੇਤਰ ਵਿੱਚ 27 ਹਜ਼ਾਰ ਵਿਦਿਆਰਥੀਆਂ ਦੀ ਸਿੱਧੀ ਸ਼ਮੂਲੀਅਤ ਅਤੇ 1 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਆਨਲਾਈਨ ਜੁੜਾਅ ਨਾਲ ਗੀਤਾ ਦਾ ਵਿਸ਼ਵਵਿਆਪੀ ਪਾਠ ਕੀਤਾ ਜਾਵੇਗਾ। ਇਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਗੀਤਾ ਪ੍ਰੇਮੀ ਅਤੇ ਸ਼ਰਧਾਲੂ ਆਨਲਾਈਨ ਮਾਧਿਅਮ ਰਾਹੀਂ ਵੀ ਜੁੜਨਗੇ।
ਮੁੱਖ ਮੰਤਰੀ ਨੇ ਦੱਸਿਆ ਕਿ 8 ਦਸੰਬਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ 48 ਕੋਸ ਤੀਰਥ ਸੰਮੇਲਨ ਕਰਵਾਇਆ ਜਾਵੇਗਾ। ਇਸ ਵਿੱਚ ਕੁਰੂਕਸ਼ੇਤਰ ਭੂਮੀ ਦੀਆਂ 182 ਤੀਰਥ ਕਮੇਟੀਆਂ ਦੇ ਨੁਮਾਇੰਦੇ ਹਿੱਸਾ ਲੈਣਗੇ। 20 ਦਸੰਬਰ ਨੂੰ ਗੀਤਾ ਜਯੰਤੀ ਦੇ ਦਿਨ ਕੁਰੂਕਸ਼ੇਤਰ ਭੂਮੀ ਦੇ ਸਾਰੇ 182 ਤੀਰਥਾਂ ’ਤੇ ਦੀਪੋਤਸਵ ਕਰਵਾਇਆ ਜਾਵੇਗਾ। ਇਸੇ ਦਿਨ ਗੀਤਾ ਸ਼ੋਭਾਯਾਤਰਾ ਵੀ ਕੱਢੀ ਜਾਵੇਗੀ, ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਵੈ-ਸੇਵੀ ਸੰਸਥਾਵਾਂ ਹਿੱਸਾ ਲੈਣਗੀਆਂ।
**ਆਨਲਾਈਨ ਗੀਤਾ ਪ੍ਰਸ਼ਨੋਤਰੀ ਅਤੇ ਵਿਦਿਆਰਥੀਆਂ ਲਈ ਹੋਣਗੇ ਵੱਖ-ਵੱਖ ਮੁਕਾਬਲੇ**
ਮੁੱਖ ਮੰਤਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਮੌਕੇ ’ਤੇ 22 ਨਵੰਬਰ ਤੋਂ 4 ਦਸੰਬਰ ਤੱਕ ਆਨਲਾਈਨ ਗੀਤਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਜਾਵੇਗਾ। ਇਸ ਵਿੱਚ ਵਿਦਿਆਰਥੀਆਂ ਸਮੇਤ ਆਮ ਲੋਕ ਵੀ ਹਿੱਸਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 17 ਤੋਂ 19 ਦਸੰਬਰ ਤੱਕ ਸੰਨਿਹਿਤ ਸਰੋਵਰ ਅਤੇ ਬ੍ਰਹਮਸਰੋਵਰ ’ਤੇ ਵਿਦਿਆਰਥੀਆਂ ਲਈ ਗੀਤਾ ਸ਼ਲੋਕ ਉਚਾਰਨ, ਭਾਸ਼ਣ, ਲੇਖ ਲਿਖਣ, ਚਿੱਤਰਕਲਾ, ਰੰਗੋਲੀ ਅਤੇ ਕਰਾਫਟ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ।
ਇਸ ਤੋਂ ਇਲਾਵਾ, ਹਰ ਸਾਲ ਵਾਂਗ ਇਸ ਸਾਲ ਵੀ ਬ੍ਰਹਮਸਰੋਵਰ ’ਤੇ 14 ਦਸੰਬਰ ਤੋਂ 25 ਦਸੰਬਰ ਤੱਕ ਗੀਤਾ ਪੁਸਤਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਦੇ ਪ੍ਰਮੁੱਖ ਪ੍ਰਕਾਸ਼ਕ ਸ਼ਾਮਲ ਹੋਣਗੇ। ਪੁਰਸ਼ੋਤਮਪੁਰਾ ਬਾਗ ਵਿੱਚ 14 ਦਸੰਬਰ ਤੋਂ 25 ਦਸੰਬਰ ਤੱਕ ਹਰਿਆਣਾ ਦੇ ਵਿਕਾਸ ਅਤੇ ਤਰੱਕੀ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਨ੍ਹਾਂ ਵਿੱਚ ਸਰਕਾਰ ਦੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਵਿੱਦਿਅਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਮਹੋਤਸਵ ਵਿੱਚ 18 ਤੋਂ ਵੱਧ ਦੇਸ਼ਾਂ ਦੇ 60 ਸ਼ਿਲਪਕਾਰ ਆਪਣੀ ਸ਼ਿਲਪਕਲਾ ਦਾ ਪ੍ਰਦਰਸ਼ਨ ਕਰਨਗੇ। ਵੱਖ-ਵੱਖ ਭਾਸ਼ਾਵਾਂ ਵਿੱਚ ਗੀਤਾ ਦੇ ਸੰਸਕਰਣਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮਹੋਤਸਵ ਵਿੱਚ ਹਰਿਆਣਾ ਦੇ ਸੱਭਿਆਚਾਰ, ਸ਼ਿਲਪਕਲਾ ਅਤੇ ਖਾਣ-ਪੀਣ ਨਾਲ ਸਬੰਧਤ ਹਰਿਆਣਾ ਪੈਵੇਲੀਅਨ ਵੀ ਬਣਾਇਆ ਜਾਵੇਗਾ। ਇਸ ਰਾਹੀਂ ਸੈਲਾਨੀ ਅਤੇ ਤੀਰਥਯਾਤਰੀ ਸੂਬੇ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਹੋਣਗੇ। ਇਸ ਤੋਂ ਇਲਾਵਾ 22 ਦਸੰਬਰ ਨੂੰ ‘ਬਲਰਾਮ’ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ।
**ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ 18 ਤੋਂ 20 ਦਸੰਬਰ ਤੱਕ ਹੋਣਗੇ ਗੀਤਾ ਮਹੋਤਸਵ ਦੇ ਪ੍ਰੋਗਰਾਮ**
ਮੁੱਖ ਮੰਤਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਪ੍ਰੋਗਰਾਮ ਹਰਿਆਣਾ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ 18 ਤੋਂ 20 ਦਸੰਬਰ ਤੱਕ ਕਰਵਾਏ ਜਾਣਗੇ। 20 ਦਸੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਗੀਤਾ ਸ਼ੋਭਾਯਾਤਰਾ ਕੱਢੀ ਜਾਵੇਗੀ। ਇਸੇ ਦਿਨ ਸਾਰੇ ਜ਼ਿਲ੍ਹਿਆਂ ਵਿੱਚ 1,800 ਵਿਦਿਆਰਥੀਆਂ ਵੱਲੋਂ ਗੀਤਾ ਦਾ ਵਿਸ਼ਵਵਿਆਪੀ ਪਾਠ ਕੀਤਾ ਜਾਵੇਗਾ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਗ੍ਰਾਮ ਪੰਚਾਇਤਾਂ ਵੱਲੋਂ ਆਪਣੇ ਤੀਰਥਾਂ ’ਤੇ ਸ਼ਾਮ ਵੇਲੇ ਦੀਪੋਤਸਵ ਵੀ ਮਨਾਇਆ ਜਾਵੇਗਾ।
**ਪਹਿਲੀ ਵਾਰ ਭਾਰਤੀ ਹਵਾਈ ਸੈਨਾ ਅਤੇ ਇਸਰੋ ਵੱਲੋਂ ਪੁਰਸ਼ੋਤਮਪੁਰਾ ਬਾਗ ਵਿੱਚ ਲਗਾਈਆਂ ਜਾਣਗੀਆਂ ਪ੍ਰਦਰਸ਼ਨੀਆਂ**
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਕਈ ਵਿਸ਼ੇਸ਼ ਅਤੇ ਨਵੇਂ ਪ੍ਰੋਗਰਾਮ ਕਰਵਾਏ ਜਾਣਗੇ। ਵਿਦੇਸ਼ ਮੰਤਰਾਲੇ ਰਾਹੀਂ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਪਹਿਲੀ ਵਾਰ ਵਿਸ਼ੇਸ਼ ਪ੍ਰਦਰਸ਼ਨੀ ਲਗਾਏਗਾ ਅਤੇ 70 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਗੀਤਾ ਮਹੋਤਸਵ ਨਾਲ ਜੋੜੇਗਾ। ਆਈਸੀਸੀਆਰ ਰਾਹੀਂ ਇੰਡੋਨੇਸ਼ੀਆ, ਸਲੋਵਾਕੀਆ ਅਤੇ ਪੰਜ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੇ ਸਮੂਹ ਗੀਤਾ ’ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਅਤੇ ਇਸਰੋ ਵੱਲੋਂ ਵੀ ਪੁਰਸ਼ੋਤਮਪੁਰਾ ਬਾਗ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਕੇਂਦਰੀ ਵਿਦਿਆਲਿਆਂ ਅਤੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ 1,800 ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਗੀਤਾ ’ਤੇ ਆਧਾਰਿਤ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮਹਾਤਮਾ ਬੁੱਧ ’ਤੇ ਇੱਕ ਅੰਤਰਰਾਸ਼ਟਰੀ ਸੰਗੋਸ਼ਠੀ ਵੀ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ 19 ਦਸੰਬਰ ਨੂੰ ਜੋਤੀਸਰ ਵਿੱਚ ਹੋਣ ਵਾਲੇ ਸੈਮੀਨਾਰ ਵਿੱਚ 12 ਅਫ਼ਰੀਕੀ ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਹਰਿਆਣਾ ਦੇ ਸਾਰੇ 143 ਬਲਾਕਾਂ ਵਿੱਚ ਸਥਿਤ ਪ੍ਰਮੁੱਖ ਮੰਦਰਾਂ ਵਿੱਚ ਇੱਕ ਰੋਜ਼ਾ ਗੀਤਾ ਮਹੋਤਸਵ ਕਰਵਾਇਆ ਜਾਵੇਗਾ। 2 ਦਸੰਬਰ ਤੋਂ 19 ਦਸੰਬਰ ਤੱਕ ਜੋਤੀਸਰ ਤੋਂ ਗੀਤਾ ਜੋਤੀ ਯਾਤਰਾ ਕੱਢੀ ਜਾਵੇਗੀ, ਜੋ ਸਾਰੇ 182 ਤੀਰਥਾਂ ਨੂੰ ਕਵਰ ਕਰੇਗੀ। ਜੋਤੀਸਰ ਤੀਰਥ ’ਤੇ ਰੋਜ਼ਾਨਾ ਆਰਤੀ, ਲਾਈਟ ਐਂਡ ਸਾਊਂਡ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।
**16 ਦਸੰਬਰ ਨੂੰ ਜੋਤੀਸਰ ਵਿੱਚ ਹੋਵੇਗਾ ‘ਪਾਂਚਜਨਯ-2026 ਅਫ਼ਰੀਕਾ-ਹਰਿਆਣਾ ਕੌਨਕਲੇਵ’**
ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਸਾਡੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦੇ ਜਸ਼ਨ ਦੇ ਨਾਲ-ਨਾਲ ਦੁਨੀਆ ਨਾਲ ਸੰਵਾਦ ਅਤੇ ਸਬੰਧ ਮਜ਼ਬੂਤ ਕਰਨ ਦਾ ਵੀ ਮਹੱਤਵਪੂਰਨ ਮੌਕਾ ਹੈ। ਇਸੇ ਉਦੇਸ਼ ਨਾਲ 16 ਦਸੰਬਰ ਨੂੰ ਜੋਤੀਸਰ ਵਿੱਚ ‘ਪਾਂਚਜਨਯ-2026 ਅਫ਼ਰੀਕਾ-ਹਰਿਆਣਾ ਕੌਨਕਲੇਵ’ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੌਨਕਲੇਵ ਵਿੱਚ ਅਫ਼ਰੀਕੀ ਮਹਾਂਦੀਪ ਦੇ ਨੁਮਾਇੰਦਿਆਂ, ਸੂਬੇ ਵਿੱਚ ਕੰਮ ਕਰ ਰਹੇ ਉਦਯੋਗਪਤੀਆਂ, ਦੁਨੀਆ ਭਰ ਵਿੱਚ ਕੰਮ ਕਰ ਰਹੇ ਭਾਰਤੀ ਉਦਯੋਗਪਤੀਆਂ ਅਤੇ ਇੰਡਸਟਰੀ ਐਸੋਸੀਏਸ਼ਨਾਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਅਫ਼ਰੀਕੀ ਦੇਸ਼ਾਂ ਅਤੇ ਹਰਿਆਣਾ ਵਿਚਕਾਰ ਵਪਾਰ ਅਤੇ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਵਿਦੇਸ਼ ਸਹਿਯੋਗ ਵਿਭਾਗ ਵੱਖ-ਵੱਖ ਦੇਸ਼ਾਂ ਨਾਲ ਸੰਪਰਕ ਅਤੇ ਸਹਿਯੋਗ ਵਧਾਉਣ ਲਈ ਕੰਮ ਕਰ ਰਿਹਾ ਹੈ। ਇਸ ਸਾਲ ਮਹੋਤਸਵ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਅਤੇ ਖਾਸ ਤੌਰ ’ਤੇ ਅਫ਼ਰੀਕੀ ਮਹਾਂਦੀਪ ਦੇ ਦੇਸ਼ਾਂ ਦੇ ਰਾਜਦੂਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਰਾਜਦੂਤਾਂ ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਰਾਹੀਂ ਸੱਦਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰਿਆਣਾ ਦੇ ਉਦਯੋਗਪਤੀਆਂ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਨਵੇਂ ਮੌਕੇ ਉਪਲਬਧ ਕਰਵਾਉਣਾ ਹੈ, ਤਾਂ ਜੋ ਉਹ ਉੱਥੋਂ ਦੇ ਉਦਯੋਗਾਂ ਅਤੇ ਸੰਸਥਾਵਾਂ ਨਾਲ ਸੰਪਰਕ ਸਥਾਪਤ ਕਰਕੇ ਆਪਣਾ ਕਾਰੋਬਾਰ ਅੱਗੇ ਵਧਾ ਸਕਣ।
ਮੁੱਖ ਮੰਤਰੀ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਸ਼ਮੂਲੀਅਤ ਲਈ ਸਮੂਹ ਹਰਿਆਣਾ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ।
**ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਪੱਛਮੀ ਬੰਗਾਲ ਨਿਭਾਏਗਾ ਸਰਗਰਮ ਭੂਮਿਕਾ, ਹਰਿਆਣਾ ਸਰਕਾਰ ਨਾਲ ਮਿਲ ਕੇ ਕਰੇਗਾ ਆਯੋਜਨ : ਪੱਛਮੀ ਬੰਗਾਲ ਦੇ ਰਾਜ ਮੰਤਰੀ ਉਮੇਸ਼ ਰਾਏ**
ਪੱਛਮੀ ਬੰਗਾਲ ਦੇ ਰਾਜ ਮੰਤਰੀ ਸ੍ਰੀ ਉਮੇਸ਼ ਰਾਏ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਪੱਛਮੀ ਬੰਗਾਲ ਦੀ ਪਵਿੱਤਰ ਧਰਤੀ ਤੋਂ ਧਰਮਖੇਤਰ-ਕੁਰੂਕਸ਼ੇਤਰ ਦੀ ਇਸ ਪਵਿੱਤਰ ਧਰਤੀ ’ਤੇ ਆਉਣ ਦਾ ਮੌਕਾ ਮਿਲਿਆ ਹੈ, ਜਿੱਥੋਂ ਪੂਰੇ ਵਿਸ਼ਵ ਨੂੰ ਧਰਮ, ਕਰਤੱਵ ਅਤੇ ਜੀਵਨ ਜਿਊਣ ਦਾ ਮੂਲਮੰਤਰ ਮਿਲਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਧਰਤੀ ਸਦਾ ਤੋਂ ਉਪਾਸਨਾ ਅਤੇ ਅਧਿਆਤਮਿਕ ਚੇਤਨਾ ਦਾ ਪ੍ਰਮੁੱਖ ਕੇਂਦਰ ਰਹੀ ਹੈ। ਸ੍ਰੀ ਉਮੇਸ਼ ਰਾਏ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਹੋ ਰਹੇ ਸਮੂਹਿਕ ਗੀਤਾ ਪਾਠ ਦਾ ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। ਸਾਲ 2024 ਵਿੱਚ ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਪਹਿਲੀ ਵਾਰ ਲੱਖਾਂ ਲੋਕਾਂ ਦੀ ਸ਼ਮੂਲੀਅਤ ਨਾਲ ਸਮੂਹਿਕ ਗੀਤਾ ਪਾਠ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪਿਛਲੇ ਸਾਲ ਇਸ ਆਯੋਜਨ ਵਿੱਚ ਸੱਤ ਲੱਖ ਤੋਂ ਵੱਧ ਲੋਕਾਂ ਨੇ ਇਕੱਠਿਆਂ ਗੀਤਾ ਪਾਠ ਕਰਕੇ ਸਨਾਤਨ ਸੱਭਿਆਚਾਰ ਪ੍ਰਤੀ ਆਪਣੀ ਆਸਥਾ ਅਤੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੀ ਇਸ ਪਵਿੱਤਰ ਧਰਤੀ ’ਤੇ ਆ ਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਅਧਿਆਤਮਿਕ ਅਨੁਭੂਤੀ ਹੋ ਰਹੀ ਹੈ। ਇੱਥੇ ਵਿਆਪਕ ਵਿਕਾਸ, ਸ਼ਾਨਦਾਰ ਸਜਾਵਟ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਨੂੰ ਦੇਖ ਕੇ ਉਹ ਅਭਿਭੂਤ ਹਨ। ਖਾਸ ਤੌਰ ’ਤੇ ਇੱਥੇ ਸਥਿਤ ਅਜਾਇਬ ਘਰ ਵਿੱਚ ਭਾਰਤੀ ਸੱਭਿਅਤਾ, ਸੱਭਿਆਚਾਰ ਅਤੇ ਪ੍ਰਾਚੀਨ ਵਿਰਾਸਤ ਨੂੰ ਆਧੁਨਿਕ ਤਕਨੀਕ ਰਾਹੀਂ ਜਿਸ ਤਰ੍ਹਾਂ ਪ੍ਰਦਰਸ਼ਿਤ ਕੀਤਾ ਗਿਆ ਹੈ, ਉਹ ਸ਼ਲਾਘਾਯੋਗ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਸਾਲ 2026 ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਆਯੋਜਨ ਵਿੱਚ ਪੱਛਮੀ ਬੰਗਾਲ, ਹਰਿਆਣਾ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਸਰਗਰਮ ਭੂਮਿਕਾ ਨਿਭਾਏਗਾ।
**ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਸ਼ਵਵਿਆਪੀ ਅਧਿਆਤਮਿਕ ਚੇਤਨਾ ਦਾ ਮਜ਼ਬੂਤ ਮਾਧਿਅਮ ਬਣਿਆ : ਸਵਾਮੀ ਗਿਆਨਾਨੰਦ ਮਹਾਰਾਜ**
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਹੁਣ ਸਿਰਫ਼ ਕੁਰੂਕਸ਼ੇਤਰ ਵਿੱਚ ਹੋਣ ਵਾਲਾ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਨਹੀਂ ਰਹਿ ਗਿਆ ਹੈ, ਸਗੋਂ ਇਹ ਵਿਸ਼ਵ ਭਰ ਵਿੱਚ ਗੀਤਾ ਦਾ ਸੰਦੇਸ਼, ਭਾਰਤੀ ਸੱਭਿਆਚਾਰ ਅਤੇ ਅਧਿਆਤਮਿਕ ਚੇਤਨਾ ਪਹੁੰਚਾਉਣ ਦਾ ਇੱਕ ਮਜ਼ਬੂਤ ਵਿਸ਼ਵਵਿਆਪੀ ਮਾਧਿਅਮ ਬਣ ਚੁੱਕਾ ਹੈ। ਜਿਸ ਤਰ੍ਹਾਂ ਕੁੰਭ ਵਿੱਚ ਸਰੀਰਕ ਤੌਰ ’ਤੇ ਸੀਮਤ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ, ਪਰ ਉਸ ਨਾਲ ਕਰੋੜਾਂ ਲੋਕਾਂ ਦੀ ਆਸਥਾ ਜੁੜੀ ਹੁੰਦੀ ਹੈ, ਉਸੇ ਤਰ੍ਹਾਂ ਅੰਤਰਰਾਸ਼ਟਰੀ ਗੀਤਾ ਮਹੋਤਸਵ ਨਾਲ ਵੀ ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜ ਰਹੀਆਂ ਹਨ। ਅੱਜ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ਕੁਰੂਕਸ਼ੇਤਰ, ਸ੍ਰੀਮਦਭਗਵਦਗੀਤਾ ਅਤੇ ਗੀਤਾ ਮਹੋਤਸਵ ਦੀ ਚਰਚਾ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਮਹੋਤਸਵ ਸਿਰਫ਼ 21 ਦਿਨਾਂ ਦੇ ਆਯੋਜਨ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਪ੍ਰਭਾਵ ਪੂਰੇ ਸਾਲ ਅਤੇ ਦੁਨੀਆ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਆਸਥਾ, ਸੈਰ-ਸਪਾਟੇ ਅਤੇ ਗੀਤਾ ਦੇ ਸਰਵਵਿਆਪੀ ਸੰਦੇਸ਼ ਨੂੰ ਜਾਤ, ਵਰਗ, ਵਰਣ ਅਤੇ ਰੰਗ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਜਨ-ਜਨ ਤੱਕ ਪਹੁੰਚਾਉਣ ਵਿੱਚ ਇਸ ਮਹੋਤਸਵ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਰਾਹੀਂ ਕੁਰੂਕਸ਼ੇਤਰ ਵਿੱਚ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਹੁਣ ਦੁਨੀਆ ਦੇ ਅਨੇਕਾਂ ਦੇਸ਼ਾਂ ਦੇ ਲੋਕ ਕੁਰੂਕਸ਼ੇਤਰ ਨੂੰ ਇੱਕ ਪਵਿੱਤਰ ਤੀਰਥ ਸਥਾਨ ਦੇ ਨਾਲ-ਨਾਲ ਇਤਿਹਾਸਕ, ਸੱਭਿਆਚਾਰਕ ਅਤੇ ਅਧਿਆਤਮਿਕ ਪੱਖੋਂ ਮਹੱਤਵਪੂਰਨ ਦਰਸ਼ਨੀ ਸਥਾਨ ਵਜੋਂ ਦੇਖਣ ਲਈ ਪਹੁੰਚ ਰਹੇ ਹਨ।
