ਹੁਸ਼ਿਆਰਪੁਰ- ਸਾਬਕਾ ਕੈਬਿਨੇਟ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਕਿਸੇ ਚੁਣਿੰਦੇ ਸਥਾਨ 'ਤੇ ਭਾਰਤੀ ਸੈਨਾ ਵੱਲੋਂ ਦੁਸ਼ਮਨ ਦੇਸ ਦਾ ਤਬਾਹ ਕੀਤਾ ਹੋਇਆ ਟੈਂਕ ਲਗਾਉਣ ਨਾਲ ਸਭ ਨੂੰ ਮਾਣ ਤੇ ਖੁਸ਼ੀ ਮਹਿਸੂਸ ਹੋਵੇਗੀ। 
ਕੇਂਦਰ ਸਰਕਾਰ ਦੀ ਨੀਤੀ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜਨ ਮੁਤਾਬਕ ਸੈਨਾ ਵੱਲੋਂ ਦੁਸ਼ਮਨ ਦੇ ਟੁੱਟੇ ਟੈਂਕਾਂ ਨੂੰ ਦੇਸ਼ ਦੇ ਵੱਖ-ਵੱਖ ਮੁੱਖ ਸਥਾਨਾਂ 'ਤੇ ਰੱਖਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਸੈਨਾ ਪ੍ਰਤੀ ਗਰਵ ਦਾ ਭਾਵ ਪੈਦਾ ਹੋਵੇ। 
ਤੀਕਸ਼ਣ ਸੂਦ ਨੇ ਦੱਸਿਆ ਕਿ 2016 ਵਿੱਚ ਸੰਬੰਧਤ ਅਧਿਕਾਰੀਆਂ ਨੇ ਹੁਸ਼ਿਆਰਪੁਰ ਲਈ ਵੀ ਇੱਕ ਟੈਂਕ ਭੇਜਣ ਦੀ ਸਿਫ਼ਾਰਸ਼ ਕੀਤੀ ਸੀ ਅਤੇ ਇਸ ਸਿਫ਼ਾਰਸ਼ ਦੇ ਅਧਾਰ 'ਤੇ ਹਾਲ ਹੀ ਵਿੱਚ ਇਹ ਟੈਂਕ ਇੱਥੇ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਥਾਨਕ ਪ੍ਰਸ਼ਾਸਨ ਨੂੰ ਜ਼ਿਲ੍ਹਾ ਸੈਨਿਕ ਬੋਰਡ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੂਰਵ ਸੈਨਿਕ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮਿਲ ਕੇ ਸੈਨਾ ਦੀ ਮਰਿਆਦਾ ਅਨੁਸਾਰ ਟੈਂਕ ਦੀ ਸਥਾਪਨਾ ਕਰਨੀ ਚਾਹੀਦੀ ਸੀ।
ਪਰ ਇਸ ਦੀ ਬਜਾਏ ਸਥਾਨਕ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਧਾਇਕ ਨੇ ਰਾਜਨੀਤਿਕ ਲਾਭ ਲੈਣ ਦੀ ਹੋੜ ਵਿੱਚ ਇਸ ਮੁੱਦੇ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰ ਦਿੱਤਾ, ਜਿਵੇਂ ਕਿ ਇਹ ਟੈਂਕ ਸਿਰਫ਼ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਆਇਆ ਹੋਵੇ। ਤੀਕਸ਼ਣ ਸੂਦ ਨੇ ਕਿਹਾ ਕਿ ਇਹ ਕਦਮ ਬਹੁਤ ਹੀ ਸ਼ਰਮਨਾਕ ਤੇ ਦੁਖਦਾਈ ਹੈ। ਸੈਨਾ ਵੱਲੋਂ ਜਿੱਤ ਪ੍ਰਤੀਕ ਟੈਂਕ ਦੀ ਸਥਾਪਨਾ ਵਿੱਚ ਜ਼ਿਲ੍ਹਾ ਸੈਨਿਕ ਬੋਰਡ ਅਤੇ ਹੋਰ ਪੂਰਵ ਸੈਨਿਕ ਐਸੋਸੀਏਸ਼ਨਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। 
ਇਹ ਸਿੱਧਾ ਸੈਨਾ ਦੇ ਨਿਯਮਾਂ ਅਤੇ ਮਰਿਆਦਾਵਾਂ ਦਾ ਉਲੰਘਣ ਹੈ ਅਤੇ ਅਜੇਹੇ ਮੁੱਦਿਆਂ ਦਾ ਰਾਜਨੀਤੀਕਰਨ ਕਰਨਾ ਛੋਟੀ ਸੋਚ ਦਾ ਪਰਚਾਊ ਹੈ। ਤੀਕਸ਼ਣ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ਼ਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਭਾਰਤ ਦੇ ਰੱਖਿਆ ਮੰਤਰੀ ਅਤੇ ਪੰਜ਼ਾਬ ਸਰਕਾਰ ਦੇ ਪੂਰਵ ਸੈਨਿਕ ਭਲਾਈ ਮੰਤਰੀ ਨੂੰ ਮੇਲ ਕਰਕੇ ਮਾਮਲੇ ਦੀ ਜਾਂਚ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਤੇ ਹੋਰ ਸੰਬੰਧਿਤ ਲੋਕਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਟੈਂਕ ਨੂੰ ਸੈਨਾ ਦੀ ਮਰਿਆਦਾ ਅਨੁਸਾਰ ਦੁਬਾਰਾ ਸਥਾਪਿਤ ਕੀਤਾ ਜਾਵੇ।