ਅੰਬਾਲਾ, 12 ਨਵੰਬਰ (ਆਰ. ਸਿੰਘ):-ਜ਼ਿਲ੍ਹਾ ਟਾਊਨ ਪਲੈਨਰ ਅੰਬਾਲਾ ਦੀ ਟੀਮ ਨੇ ਪਿੰਡ ਸਾਹਾ (ਹੱਦਬਸਤ ਨੰਬਰ 93) ਦੇ ਸ਼ਹਿਰੀ ਖੇਤਰ ਵਿੱਚ ਖ਼ਸਰਾ ਨੰਬਰ 74//25 ’ਤੇ ਲਗਭਗ 0.9 ਏਕੜ ਰਕਬੇ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਵਿਕਸਤ ਕੀਤੀ ਜਾ ਰਹੀ ਇੱਕ ਕਾਲੋਨੀ ਨੂੰ ਢਾਹੁਣ ਦੀ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਗ਼ੈਰ-ਕਾਨੂੰਨੀ ਕਾਲੋਨੀ ਵਿੱਚ ਬਣਾਈਆਂ ਗਈਆਂ ਸੜਕਾਂ ਦੇ ਜਾਲ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਮੌਕੇ ’ਤੇ ਡਿਊਟੀ ਮੈਜਿਸਟਰੇਟ-ਕਮ-ਜ਼ਿਲ੍ਹਾ ਟਾਊਨ ਪਲੈਨਰ ਸ੍ਰੀਮਤੀ ਗੁੰਜਨ ਵਰਮਾ, ਜੂਨੀਅਰ ਇੰਜੀਨੀਅਰ ਗੁਰਜਿੰਦਰ ਸਿੰਘ ਅਤੇ ਹਰਿਆਣਾ ਇਨਫੋਰਸਮੈਂਟ ਬਿਊਰੋ ਦੇ ਐਸਐਚਓ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ। ਜ਼ਿਲ੍ਹਾ ਟਾਊਨ ਪਲੈਨਰ ਸ੍ਰੀਮਤੀ ਗੁੰਜਨ ਵਰਮਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਵਿਕਸਤ ਕੀਤੀਆਂ ਜਾ ਰਹੀਆਂ ਗ਼ੈਰ-ਕਾਨੂੰਨੀ ਕਾਲੋਨੀਆਂ ਵਿੱਚ ਪਲਾਟ ਨਾ ਖ਼ਰੀਦਣ। ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪ੍ਰਾਪਰਟੀ ਡੀਲਰਾਂ ਦੇ ਝਾਂਸੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗ਼ੈਰ-ਕਾਨੂੰਨੀ ਕਾਲੋਨੀਆਂ ਅਤੇ ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਜਾਰੀ ਰਹੇਗੀ।