ਬੰਗਾ/ਨਵਾਂਸ਼ਹਿਰ- ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਆਯੋਜਿਤ ਕੀਤੇ ਗਏ ਜ਼ੋਨਲ ਯੂਥ ਫੈਸਟੀਵਲ 'ਚ ਲਗਾਤਾਰ ਪੰਜਵੀਂ ਵਾਰ ਓਵਰਆਲ ਚੈਂਪੀਅਨ ਬਣਨ ਦੀ ਖੁਸ਼ੀ ਵਿੱਚ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਕਾਲਜ ਦੇ ਵਿਦਿਆਰਥੀ ਕਲਾਕਾਰਾਂ, ਕੋਚਾਂ ਤੇ ਇੰਚਾਰਜ ਅਧਿਆਪਕ ਸਾਹਿਬਾਨ ਲਈ ਸਨਮਾਨ ਸਮਾਗਮ ਕੀਤਾ ਗਿਆ।
ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਯੂਥ ਫੈਸਟੀਵਲ ਦੌਰਾਨ ਰਿਕਾਰਡ 114 ਅੰਕਾਂ ਨਾਲ ਕਾਲਜ ਲਈ ਪੰਜਵੀਂ ਵਾਰ ਓਵਰਆਲ ਟਰਾਫ਼ੀ ਜਿੱਤ ਕੇ ਵਿਦਿਆਰਥੀਆਂ ਤੇ ਸੰਬੰਧਿਤ ਅਧਿਆਪਕਾਂ ਨੇ ਮਾਣਮੱਤਾ ਇਤਿਹਾਸ ਸਿਰਜਿਆ ਹੈ।
ਉਨ੍ਹਾਂ ਕਿਹਾ ਕਿ ਕਲਾਕਾਰ ਵਿਦਿਆਰਥੀਆਂ ਨੂੰ ਯੂਥ ਫੈਸਟੀਵਲ ਦਾ ਮੰਚ ਪ੍ਰਦਾਨ ਕਰਨਾ ਸਾਡਾ ਫਰਜ਼ ਹੈ ਜਿਸ ਨਾਲ ਉਹ ਕਾਲਜ ਦਾ ਤਾਂ ਨਾਂ ਚਮਕਾ ਹੀ ਰਹੇ ਹਨ ਨਾਲ ਉਹ ਆਪਣੇ ਰੌਸ਼ਨ ਭਵਿੱਖ ਵੱਲ ਵੀ ਕਦਮ ਪੁੱਟ ਰਹੇ ਹਨ। ਯੂਥ ਫੈਸਟੀਵਲ ਦੀਆਂ ਭਾਗੀਦਾਰ ਟੀਮਾਂ ਦੀ ਅਗਵਾਈ ਡਾ. ਗੁਰਵਿੰਦਰ ਸਿੰਘ (ਡੀਨ ਕਲਚਰਲ) ਤੇ ਡਿਪਟੀ ਡੀਨ ਮਨਮੰਤ ਸਿੰਘ ਲਾਇਬ੍ਰੇਰੀਅਨ ਨੇ ਕੀਤੀ।
ਡਾ. ਗੁਰਵਿੰਦਰ ਸਿੰਘ ਨੇ ਇਸ ਪ੍ਰਾਪਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਮੇਜ਼ਬਾਨੀ ਕਾਲਜ ਹੋਣ ਕਰਕੇ ਸਬੰਧਿਤ ਅਧਿਆਪਕ ਸਾਹਿਬਾਨ ਨੂੰ ਆਪਣੀਆਂ ਟੀਮਾਂ ਨੂੰ ਸਮਾਂ ਦੇਣ ਲਈ ਕਠਿਨ ਮਿਹਨਤ ਕਰਨੀ ਪਈ ਤੇ ਉਨ੍ਹਾਂ ਦੀ ਕਰੜੀ ਮਿਹਨਤ ਦਾ ਸਿੱਟਾ ਹੈ ਜਿਸ ਨਾਲ ਅਸੀਂ ਪੰਜਵੀਂ ਵਾਰ ਓਵਰਆਲ ਚੈਂਪੀਅਨ ਦਾ ਖ਼ਿਤਾਬ ਜਿੱਤ ਸਕੇ ਹਾਂ।
ਇਸ ਦੌਰਾਨ ਲਿਟਰੇਰੀ ਟੀਮਾਂ ਲਈ ਡਾ. ਨਿਰਮਲਜੀਤ ਕੌਰ, ਡਾ. ਕੁਮਾਰੀ ਸਿਖਾ, ਪ੍ਰੋ. ਕਿਸ਼ੋਰ ਕੁਮਾਰ, ਸੰਗੀਤ ਲਈ ਪ੍ਰੋ. ਸ਼ਾਮ ਸਿੰਘ, ਫਾਈਨ ਆਰਟਸ ਲਈ ਪ੍ਰੋ. ਦਿਲਨਵਾਜ਼, ਫੈਂਸੀ ਡਰੈੱਸ ਲਈ ਪ੍ਰੋ. ਨੀਲਮ, ਥੀਟੇਟਰ ਲਈ ਪ੍ਰੋ. ਮਨੀਸ਼ ਸੰਧੀਰ, ਭੰਗੜੇ ਲਈ ਸ. ਮਨਮੰਤ ਸਿੰਘ ਲਾਇਬ੍ਰੇਰੀਅਨ ਤੇ ਭੰਗੜਾ ਕੋਚ ਉਸਤਾਦ ਪਵਨ ਕੁਮਾਰ, ਲੁੱਡੀ ਲਈ ਸਿਮਰਨਜੀਤ ਕੌਰ ਸਿਆਣ, ਥੀਏਟਰ ਕੋਚ ਜ਼ੋਰਾਵਰ ਸਿੰਘ ਤੇ ਰਾਗੀ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਫੁੱਲਾਂ ਦੇ ਹਾਰ ਪਹਿਨਾ ਕੇ ਸਨਮਾਨ ਕੀਤਾ ਗਿਆ।
ਸਮਾਰੋਹ ਤੋਂ ਪਹਿਲਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੇ ਅਗਲੇ ਮੁਕਾਬਲਿਆਂ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਪ੍ਰੋਗਰਾਮ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਯੂਥ ਫੈਸਟੀਵਲ ਸੰਬੰਧੀ ਆਪਣੇ ਤਜ਼ਰਬੇ ਅਤੇ ਜਜ਼ਬਾਤ ਸਾਂਝੇ ਕਰਦਿਆਂ ਮੰਚ ਤੋਂ ਹਾਜ਼ਰੀ ਲਗਵਾਈ ਤੇ ਨਿਊਜ਼ੀਲੈਂਡ ਗਏ ਆਪਣੇ ਅਧਿਆਪਕ ਪ੍ਰੋ. ਗੁਰਪ੍ਰੀਤ ਸਿੰਘ ਵੱਲੋਂ ਉੱਥੇ ਬੈਠਿਆਂ ਕੀਤੇ ਯਤਨਾਂ ਲਈ ਉਨ੍ਹਾਂ ਦਾ ਖਾਸ ਧੰਨਵਾਦ ਕੀਤਾ ਗਿਆ।
ਮੰਚ ਸੰਚਾਲਨ ਪ੍ਰੋ. ਤਜਿੰਦਰ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਖੁਸ਼ੀ ਮੌਕੇ ਸਾਰਿਆਂ ਦਾ ਮੂੰਹ ਕਰਵਾਇਆ ਗਿਆ ਤੇ ਚਾਹ ਪਾਰਟੀ ਵੀ ਦਿੱਤੀ ਗਈ। ਇਸ ਮੌਕੇ ਡਾ. ਇੰਦੂ ਰੱਤੀ, ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ ਅਤੇ ਸਮੂਹ ਵਿਦਿਆਰਥੀ ਕਲਾਕਾਰ ਹਾਜ਼ਰ ਸਨ।
ਓਵਰਆਲ ਚੈਂਪੀਅਨ ਬਣਨ ਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਕਲਾਕਾਰਾਂ ਤੇ ਅਧਿਆਪਕਾਂ ਦਾ ਸਨਮਾਨ
