ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਹੁਸ਼ਿਆਰਪੁਰ ਸ਼ਹਿਰ ਦੀ ਸਭ ਤੋਂ ਵੱਧ ਚੱਲਣ ਵਾਲੀ ਰਾਜੇਸ਼ ਬੇਕਰੀ ’ਤੇ ਰੇਡ ਕੀਤੀ ਗਈ। ਇੱਥੇ ਜਾਂਚ ਦੌਰਾਨ ਸਾਹਮਣੇ ਆਈ ਸਥਿਤੀ ਨੂੰ ਦੇਖ ਕੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ। ਰਾਜੇਸ਼ ਬੇਕਰੀ ’ਤੇ ਖਾਣ-ਪੀਣ ਦੀਆਂ ਵਸਤਾਂ ਦੀ ਸਫ਼ਾਈ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਗੰਦਗੀ ਨਾਲ ਲਿਬੜੀਆਂ ਟਰੇਆਂ ਵਿੱਚ ਪੈਟੀ ਅਤੇ ਕੁਲਚੇ ਪਏ ਹੋਏ ਸਨ, ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਜ਼ਰ ਨਹੀਂ ਆਏ ਅਤੇ ਮਹਿਜ਼ ਪੰਜ ਰੁਪਏ ਵਿੱਚ ਲੈਮਨ ਡ੍ਰਿੰਕ ਵੇਚੀ ਜਾ ਰਹੀ ਸੀ। ਦੱਸਿਆ ਗਿਆ ਕਿ ਇੱਕ ਦਿਨ ਵਿੱਚ ਲਗਭਗ 2,000 ਤੋਂ ਵੱਧ ਬੋਤਲਾਂ ਲੈਮਨ ਜੀਰਾ ਦੀਆਂ ਵਿਕ ਜਾਂਦੀਆਂ ਹਨ ਅਤੇ ਇੱਕ ਬੋਤਲ ਦੀ ਕੀਮਤ ਪੰਜ ਰੁਪਏ ਹੈ। ਲੈਮਨ ਡ੍ਰਿੰਕ ਵਿੱਚ ਘਟੀਆ ਦਰਜੇ ਦੀ ਸਮੱਗਰੀ ਵਰਤੇ ਜਾਣ ਦਾ ਦੋਸ਼ ਹੈ, ਜੋ ਸਿਹਤ ਲਈ ਖ਼ਤਰਾ ਬਣ ਸਕਦੀ ਹੈ। ਇਸ ਮੌਕੇ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ, ਰਾਮ ਲੁਭਾਇਆ ਅਤੇ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸਨ।
ਇਸ ਮੌਕੇ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪੰਜ ਰੁਪਏ ਵਿੱਚ ਘਟੀਆ ਕਿਸਮ ਦੇ ਮਸਾਲੇ ਨਾਲ ਤਿਆਰ ਕੀਤਾ ਜੀਰਾ ਲੈਮਨ ਬੱਚਿਆਂ ਨੂੰ ਵੇਚਿਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੇ ਜਾਣ ਦੀਆਂ ਸ਼ਿਕਾਇਤਾਂ ਸਨ। ਉਨ੍ਹਾਂ ਦੱਸਿਆ ਕਿ ਬੇਕਰੀ ਵਿੱਚ ਅਣ-ਹਾਈਜੀਨਿਕ ਕਿਸਮ ਦੀ ਪੈਟੀ, ਪੀਜ਼ਾ ਅਤੇ ਬ੍ਰੈੱਡ ਵੀ ਪਾਈ ਗਈ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰਾ ਸਮਾਨ ਵੀ ਸਾਫ਼-ਸਫ਼ਾਈ ਦੇ ਉਚਿਤ ਪ੍ਰਬੰਧਾਂ ਤੋਂ ਬਿਨਾਂ ਪਿਆ ਮਿਲਿਆ।
ਉਨ੍ਹਾਂ ਦੱਸਿਆ ਕਿ ਜੀਰਾ ਲੈਮਨ ਤਿਆਰ ਕਰਨ ਵਾਲੇ ਮਿਸ਼ਰਣ ਦਾ ਸੈਂਪਲ ਲੈ ਲਿਆ ਗਿਆ ਹੈ। ਇਸ ਮਿਸ਼ਰਣ ਦੇ ਕਿਸ ਫੈਕਟਰੀ ਤੋਂ ਤਿਆਰ ਹੋਣ ਦਾ ਪਤਾ ਨਹੀਂ ਲੱਗ ਸਕਿਆ, ਕਿਉਂਕਿ ਇਸ ’ਤੇ ਕਿਸੇ ਵੀ ਕੰਪਨੀ ਦਾ ਕੋਈ ਲੇਬਲ ਨਹੀਂ ਸੀ। ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਸਥਿਤੀ ਸਪਸ਼ਟ ਹੋਵੇਗੀ।
ਡਾ. ਭਾਟੀਆ ਨੇ ਦੱਸਿਆ ਕਿ ਇਸ ਲੈਮਨ ਜੀਰਾ ’ਤੇ ਨਾ ਤਾਂ ਕੋਈ ਐਕਸਪਾਇਰੀ ਤਾਰੀਖ ਸੀ ਅਤੇ ਨਾ ਹੀ ਮੈਨੂਫੈਕਚਰਿੰਗ ਤਾਰੀਖ। ਉਨ੍ਹਾਂ ਦੱਸਿਆ ਕਿ ਇਸ ਜੀਰੇ ਨੂੰ ਕੈਪਕਾ ਕੋਲਾ ਦੀਆਂ ਬ੍ਰਾਂਡਿਡ ਬੋਤਲਾਂ ਵਿੱਚ ਪਾ ਕੇ ਵੇਚਿਆ ਜਾ ਰਿਹਾ ਸੀ। ਇਸ ਮੌਕੇ ਰਾਜੇਸ਼ ਬੇਕਰੀ ਦੇ ਮਾਲਕ ਨੇ ਸਫ਼ਾਈ ਦੀ ਕਮੀ ਦੀ ਗੱਲ ਮੰਨੀ, ਲੋਕਾਂ ਕੋਲੋਂ ਮਾਫ਼ੀ ਮੰਗੀ ਅਤੇ ਭਵਿੱਖ ਵਿੱਚ ਸਾਫ਼-ਸਫ਼ਾਈ ਰੱਖਣ ਦਾ ਭਰੋਸਾ ਦਿੱਤਾ।
