ਚੰਡੀਗੜ੍ਹ, 18 ਨਵੰਬਰ:- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਨੇ ‘ਅਨੀਮੀਆ ਮੁਕਤ ਭਾਰਤ’ ਪ੍ਰੋਗਰਾਮ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਵੱਡੀ ਪ੍ਰਾਪਤੀ ਸਾਰੇ ਲਾਭਪਾਤਰੀ ਵਰਗਾਂ ਵਿੱਚ ਨਿਯਮਤ ਆਇਰਨ ਅਤੇ ਫੋਲਿਕ ਐਸਿਡ (ਆਈ.ਐਫ.ਏ.) ਦੀਆਂ ਗੋਲੀਆਂ ਦੇਣਾ ਯਕੀਨੀ ਬਣਾਉਣ ਲਈ ਸਿਹਤ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਆਪਸੀ ਤਾਲਮੇਲ ਅਤੇ ਠੋਸ ਯਤਨਾਂ ਦਾ ਨਤੀਜਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ 2026) ਦੇ ਸਕੋਰਕਾਰਡ ਅਨੁਸਾਰ, ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐਚ.ਐਮ.ਆਈ.ਐਸ.) ਤਹਿਤ ‘ਅਨੀਮੀਆ ਮੁਕਤ ਹਰਿਆਣਾ/ਅਨੀਮੀਆ ਮੁਕਤ ਭਾਰਤ’ ਪ੍ਰੋਗਰਾਮ ਵਿੱਚ ਆਇਰਨ ਅਤੇ ਫੋਲਿਕ ਐਸਿਡ (ਆਈ.ਐਫ.ਏ.) ਕਵਰੇਜ ਦੇ ਮਾਮਲੇ ਵਿੱਚ ਹਰਿਆਣਾ ਨੇ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਹਰਿਆਣਾ ਨੇ 89.2 ਦਾ ਏ.ਐਮ.ਬੀ. ਇੰਡੈਕਸ ਪ੍ਰਾਪਤ ਕੀਤਾ ਹੈ, ਜੋ 66.2 ਦੀ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਵੱਧ ਹੈ। ਹਰਿਆਣਾ ਨੇ ਇਹ ਸਿਖਰਲਾ ਸਥਾਨ ਉੱਤਰਾਖੰਡ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਅਨੀਮੀਆ ਮੁਕਤ ਭਾਰਤ ਅਤੇ ਪੋਸ਼ਣ ਅਭਿਆਨ ਤਹਿਤ ਨਿਯਮਤ ਆਈ.ਐਫ.ਏ. ਸਪਲੀਮੈਂਟੇਸ਼ਨ, ਵਿਆਪਕ ਜਾਂਚ, ਸਮੇਂ ਸਿਰ ਇਲਾਜ, ਕਾਊਂਸਲਿੰਗ ਅਤੇ ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਮਜ਼ਬੂਤ ਨਿਗਰਾਨੀ ਦੇ ਲਗਾਤਾਰ ਯਤਨਾਂ ਨੂੰ ਦਿੱਤਾ।
ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਮਿਸ਼ਨ ਡਾਇਰੈਕਟਰ ਡਾ. ਆਰ.ਐਸ. ਢਿੱਲੋਂ ਨੇ ਅੱਗੇ ਦੱਸਿਆ ਕਿ ਹਰਿਆਣਾ ਨੇ ਸ਼ਲਾਘਾਯੋਗ ਤਰੱਕੀ ਕਰਦਿਆਂ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਦੇ 78.5 ਫੀਸਦੀ ਦੇ ਸਮੁੱਚੇ ਆਈ.ਐਫ.ਏ. ਕਵਰੇਜ ਇੰਡੈਕਸ, ਜਿਸ ਵਿੱਚ ਸੂਬਾ ਤੀਜੇ ਸਥਾਨ 'ਤੇ ਸੀ, ਨੂੰ ਸੁਧਾਰ ਕੇ ਦੂਜੀ ਤਿਮਾਹੀ ਵਿੱਚ 89.2 ਫੀਸਦੀ ਤੱਕ ਪਹੁੰਚਾ ਦਿੱਤਾ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਸਾਰੀਆਂ ਸ਼੍ਰੇਣੀਆਂ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤਾ ਗਿਆ। 6 ਤੋਂ 59 ਮਹੀਨੇ ਦੇ ਬੱਚਿਆਂ ਦੀ ਕਵਰੇਜ 78.0 ਫੀਸਦੀ ਤੋਂ ਵਧ ਕੇ 89.3 ਫੀਸਦੀ, 5 ਤੋਂ 9 ਸਾਲ ਦੇ ਬੱਚਿਆਂ ਦੀ ਕਵਰੇਜ 77.0 ਫੀਸਦੀ ਤੋਂ ਵਧ ਕੇ 80.5 ਫੀਸਦੀ, 10 ਤੋਂ 19 ਸਾਲ ਦੇ ਕਿਸ਼ੋਰਾਂ ਦੀ ਕਵਰੇਜ 74.1 ਫੀਸਦੀ ਤੋਂ ਵਧ ਕੇ 95.0 ਫੀਸਦੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਕਵਰੇਜ 68.2 ਫੀਸਦੀ ਤੋਂ ਵਧ ਕੇ 86.1 ਫੀਸਦੀ ਹੋ ਗਈ ਹੈ। ਜਦਕਿ ਗਰਭਵਤੀ ਔਰਤਾਂ ਦੀ ਕਵਰੇਜ 95.0 ਫੀਸਦੀ 'ਤੇ ਬਰਕਰਾਰ ਰਹੀ।
ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ‘ਸੇਵਾ ਸੰਕਲਪ ਅਭਿਆਨ’ ਦੇ ਹਿੱਸੇ ਵਜੋਂ 17 ਸਤੰਬਰ, 2026 ਨੂੰ ਅੰਬਾਲਾ ਤੋਂ ‘100 ਦਿਨਾਂ ਅਨੀਮੀਆ ਘਟਾਓ ਅਭਿਆਨ’ ਦੀ ਵੀ ਸ਼ੁਰੂਆਤ ਕੀਤੀ ਗਈ ਸੀ। ਸਟੇਟ ਅਨੀਮੀਆ ਟਰੈਕਿੰਗ ਪੋਰਟਲ ਦੇ ਅੰਕੜਿਆਂ ਅਨੁਸਾਰ, ਇਸ ਅਭਿਆਨ ਤਹਿਤ ਹੁਣ ਤੱਕ ਪੂਰੇ ਸੂਬੇ ਵਿੱਚ 3.56 ਲੱਖ ਤੋਂ ਵੱਧ ਹੀਮੋਗਲੋਬਿਨ (ਐਚ.ਬੀ.) ਟੈਸਟ ਕੀਤੇ ਜਾ ਚੁੱਕੇ ਹਨ।
ਇਸ ਪ੍ਰਾਪਤੀ 'ਤੇ ਸੂਬਾ ਵਾਸੀਆਂ ਅਤੇ ਸਿਹਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਇੱਕ ਸਿਹਤਮੰਦ ਅਤੇ ਸ਼ਕਤੀਸ਼ਾਲੀ ਹਰਿਆਣਾ ਦਾ ਨਿਰਮਾਣ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅਨੀਮੀਆ ਮੁਕਤ ਹਰਿਆਣਾ ਦੇ ਟੀਚੇ ਨੂੰ ਪੂਰੀ ਤਰ੍ਹਾਂ ਸਾਕਾਰ ਕਰਨ ਲਈ ਇਹ ਜ਼ਰੂਰੀ ਹੈ ਕਿ ਹਰ ਨਾਗਰਿਕ, ਖ਼ਾਸ ਕਰਕੇ ਔਰਤਾਂ, ਕਿਸ਼ੋਰੀਆਂ ਅਤੇ ਬੱਚੇ ਆਪਣੀ ਸਿਹਤ ਅਤੇ ਪੋਸ਼ਣ ਪ੍ਰਤੀ ਜਾਗਰੂਕ ਰਹਿਣ।
ਉਨ੍ਹਾਂ ਸੂਬਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸਮੇਂ-ਸਮੇਂ 'ਤੇ ਆਪਣੇ ਹੀਮੋਗਲੋਬਿਨ ਦੀ ਜਾਂਚ ਜ਼ਰੂਰ ਕਰਵਾਉਣ, ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਨ ਅਤੇ ਸਰਕਾਰ ਵੱਲੋਂ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਦਾ ਨਿਯਮਤ ਸੇਵਨ ਕਰਕੇ ਇਸ ਲੋਕ-ਲਹਿਰ ਨੂੰ ਸਫਲ ਬਣਾਉਣ।
