ਚੰਡੀਗੜ੍ਹ, 19 ਨਵੰਬਰ:- ਹਰਿਆਣਾ ਸਰਕਾਰ ਨੇ ਟੀਬੀ (ਤਪਦਿਕ) ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਐਨਟੀਪੀਸੀ ਅਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਹੁਡਕੋ) ਤੋਂ 7.35 ਕਰੋੜ ਰੁਪਏ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਸਹਾਇਤਾ ਪ੍ਰਾਪਤ ਕੀਤੀ ਹੈ। ਇਸ ਰਕਮ ਨਾਲ ਅਗਲੇ ਤਿੰਨ ਸਾਲਾਂ ਵਿੱਚ 11,811 ਟੀਬੀ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਚਾਰ ਜ਼ਿਲ੍ਹਿਆਂ ਵਿੱਚ ਅਤਿ-ਆਧੁਨਿਕ ਮੋਬਾਈਲ ਡਾਇਗਨੌਸਟਿਕ ਸਹੂਲਤਾਂ ਰਾਹੀਂ ਹਰ ਸਾਲ ਲਗਭਗ 1.63 ਲੱਖ ਲੋਕਾਂ ਦੀ ਟੀਬੀ ਜਾਂਚ ਕੀਤੀ ਜਾਵੇਗੀ।

ਇਸ ਪਹਿਲ ਤਹਿਤ ਕਰਨਾਲ ਅਤੇ ਪਾਣੀਪਤ ਵਿੱਚ ਟੀਬੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਪ੍ਰੋਟੀਨ ਭਰਪੂਰ ਪੋਸ਼ਣ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਵਿਸ਼ੇਸ਼ ਉਪਕਰਨਾਂ ਨਾਲ ਲੈਸ ਚਾਰ ਮੋਬਾਈਲ ਡਾਇਗਨੌਸਟਿਕ ਵੈਨਾਂ ਰਾਹੀਂ ਮੇਵਾਤ, ਕਰਨਾਲ, ਕੁਰੂਕਸ਼ੇਤਰ ਅਤੇ ਚਰਖੀ ਦਾਦਰੀ ਦੇ 392 ਪਛਾਣੇ ਗਏ ਉੱਚ ਜੋਖਮ ਵਾਲੇ ਪਿੰਡਾਂ ਅਤੇ ਵਾਰਡਾਂ ਵਿੱਚ ਟੀਬੀ ਦੀ ਜਾਂਚ ਕੀਤੀ ਜਾਵੇਗੀ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਵੀਰਵਾਰ ਨੂੰ ਦੱਸਿਆ ਕਿ ਦੋਵਾਂ ਜਨਤਕ ਖੇਤਰ ਦੇ ਅਦਾਰਿਆਂ ਨਾਲ ਇਹ ਸਹਿਯੋਗ ਟੀਬੀ ਦੇ ਖ਼ਾਤਮੇ ਵੱਲ ਦੋ ਅਹਿਮ ਚੁਣੌਤੀਆਂ ਦਾ ਹੱਲ ਕਰੇਗਾ। ਇਨ੍ਹਾਂ ਵਿੱਚ ਇਲਾਜ ਦੌਰਾਨ ਮਰੀਜ਼ਾਂ ਨੂੰ ਲੋੜੀਂਦਾ ਪੋਸ਼ਣ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਖੇਤਰਾਂ ਵਿੱਚ ਸ਼ੁਰੂਆਤੀ ਜਾਂਚ ਦੀ ਸਹੂਲਤ ਪਹੁੰਚਾਉਣਾ ਸ਼ਾਮਲ ਹੈ, ਜਿੱਥੇ ਸਿਹਤ ਸੇਵਾਵਾਂ ਤੱਕ ਪਹੁੰਚ ਸੀਮਤ ਹੈ।

ਇਸ ਪ੍ਰਬੰਧ ਤਹਿਤ ਐਨਟੀਪੀਸੀ ਨੇ ਪੋਸ਼ਣ ਸਹਾਇਤਾ ਲਈ 4.96 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ, ਜਦਕਿ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਹੁਡਕੋ) ਨੇ ਮੋਬਾਈਲ ਡਾਇਗਨੌਸਟਿਕ ਸਹੂਲਤਾਂ ਲਈ 2.39 ਕਰੋੜ ਰੁਪਏ ਮਨਜ਼ੂਰ ਕੀਤੇ ਹਨ।

ਡਾ. ਮਿਸ਼ਰਾ ਨੇ ਕਿਹਾ ਕਿ ਟੀਬੀ ਦਾ ਖ਼ਾਤਮਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਕਾਰਪੋਰੇਟ ਸੰਸਥਾਵਾਂ ਦੀ ਭਾਗੀਦਾਰੀ ਨੂੰ ਮਹੱਤਵਪੂਰਨ ਦੱਸਿਆ।


ਤਿੰਨ ਸਾਲਾਂ ਵਿੱਚ 11,811 ਟੀਬੀ ਮਰੀਜ਼ਾਂ ਨੂੰ ਮਿਲੇਗੀ ਪੋਸ਼ਣ ਸਹਾਇਤਾ

ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਚਲਾਈ ਜਾ ਰਹੀ ਨਿ-ਕਸ਼ਯ ਮਿੱਤਰ ਪਹਿਲ ਅਧੀਨ ਐਨਟੀਪੀਸੀ ਅਗਲੇ ਤਿੰਨ ਸਾਲਾਂ ਵਿੱਚ ਕਰਨਾਲ ਅਤੇ ਪਾਣੀਪਤ ਦੇ 11,811 ਟੀਬੀ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਦੇਵੇਗਾ। ਇਸ ਤਹਿਤ ਮਰੀਜ਼ਾਂ ਦੀ ਛੇ ਮਹੀਨਿਆਂ ਦੀ ਇਲਾਜ ਮਿਆਦ ਦੌਰਾਨ ਉਨ੍ਹਾਂ ਦੀਆਂ ਪੋਸ਼ਣ ਸਬੰਧੀ ਲੋੜਾਂ ਪੂਰੀਆਂ ਕਰਨ ਵਿੱਚ ਸਹਿਯੋਗ ਦਿੱਤਾ ਜਾਵੇਗਾ।

ਇਸ ਪਹਿਲ ਨਾਲ ਕਰਨਾਲ ਦੇ 5,904 ਅਤੇ ਪਾਣੀਪਤ ਦੇ 5,907 ਮਰੀਜ਼ ਲਾਭਪਾਤਰੀ ਹੋਣਗੇ। ਇਨ੍ਹਾਂ ਵਿੱਚ ਕਰਨਾਲ ਵਿੱਚ ਹਰ ਸਾਲ 1,968 ਅਤੇ ਪਾਣੀਪਤ ਵਿੱਚ 1,969 ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਦਿੱਤੀ ਜਾਵੇਗੀ।

ਹਰੇਕ ਮਰੀਜ਼ ਨੂੰ ਹਰ ਮਹੀਨੇ ਲਗਭਗ 700 ਰੁਪਏ ਦੀ ਪ੍ਰੋਟੀਨ ਭਰਪੂਰ ਪੋਸ਼ਣ ਕਿੱਟ ਦਿੱਤੀ ਜਾਵੇਗੀ। ਇਸ ਸਹਾਇਤਾ ਦਾ ਉਦੇਸ਼ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਕਰਨਾ, ਇਲਾਜ ਦੇ ਬਿਹਤਰ ਨਤੀਜੇ ਯਕੀਨੀ ਬਣਾਉਣਾ ਅਤੇ ਪੋਸ਼ਣ ਦੀ ਘਾਟ ਕਾਰਨ ਹੋਣ ਵਾਲੀਆਂ ਸਿਹਤ ਸਬੰਧੀ ਪੇਚੀਦਗੀਆਂ ਘਟਾਉਣਾ ਹੈ।

ਡਾ. ਮਿਸ਼ਰਾ ਨੇ ਕਿਹਾ ਕਿ ਟੀਬੀ ਮਰੀਜ਼ਾਂ ਲਈ ਪੋਸ਼ਣ ਸਹਾਇਤਾ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਕੁਪੋਸ਼ਣ ਉਨ੍ਹਾਂ ਦੇ ਠੀਕ ਹੋਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਹੋਰ ਸਿਹਤ ਪੇਚੀਦਗੀਆਂ ਦਾ ਖ਼ਤਰਾ ਵਧਾ ਸਕਦਾ ਹੈ।

ਐਨਟੀਪੀਸੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਦੋਵਾਂ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਪੱਧਰ ’ਤੇ ਲੋੜੀਂਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਇਹ ਰਕਮ ਸਿੱਧੀ ਜ਼ਿਲ੍ਹਾ ਸਹਿਯੋਗ ਫੰਡ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ।


392 ਉੱਚ ਜੋਖਮ ਵਾਲੇ ਖੇਤਰਾਂ ਤੱਕ ਪਹੁੰਚਣਗੀਆਂ ਚਾਰ ਅਤਿ-ਆਧੁਨਿਕ ਮੋਬਾਈਲ ਵੈਨਾਂ

ਟੀਬੀ ਦੀ ਸਮੇਂ ਸਿਰ ਪਛਾਣ ਯਕੀਨੀ ਬਣਾਉਣ ਲਈ ਹੁਡਕੋ ਵੱਲੋਂ ਦਿੱਤੀ ਗਈ 2.39 ਕਰੋੜ ਰੁਪਏ ਦੀ ਸਹਾਇਤਾ ਨਾਲ ਚਾਰ ਮੋਬਾਈਲ ਟੀਬੀ ਡਾਇਗਨੌਸਟਿਕ ਵੈਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵੈਨਾਂ ਵਿੱਚ ਚਾਰ-ਮੌਡਿਊਲ ਟਰੂਨੈਟ ਕੁਆਟਰੋ ਵਰਕਸਟੇਸ਼ਨ ਅਤੇ ਅਤਿ-ਆਧੁਨਿਕ ਪੋਰਟੇਬਲ ਐਕਸ-ਰੇ ਸਿਸਟਮ ਲਗਾਏ ਜਾਣਗੇ।

ਇਹ ਮੋਬਾਈਲ ਵੈਨਾਂ 392 ਪਛਾਣੇ ਗਏ ਉੱਚ ਜੋਖਮ ਵਾਲੇ ਪਿੰਡਾਂ ਅਤੇ ਵਾਰਡਾਂ ਨੂੰ ਕਵਰ ਕਰਨਗੀਆਂ। ਇਨ੍ਹਾਂ ਵਿੱਚ ਮੇਵਾਤ ਦੇ 111, ਕਰਨਾਲ ਦੇ 109, ਕੁਰੂਕਸ਼ੇਤਰ ਦੇ 103 ਅਤੇ ਚਰਖੀ ਦਾਦਰੀ ਦੇ 69 ਖੇਤਰ ਸ਼ਾਮਲ ਹਨ।

ਇਨ੍ਹਾਂ ਅਤਿ-ਆਧੁਨਿਕ ਜਾਂਚ ਉਪਕਰਨਾਂ ਦੀ ਮਦਦ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਸੰਵੇਦਨਸ਼ੀਲ ਆਬਾਦੀ ਤੱਕ ਉਨ੍ਹਾਂ ਦੇ ਨੇੜੇ ਹੀ ਟੀਬੀ ਜਾਂਚ ਦੀ ਸਹੂਲਤ ਪਹੁੰਚਾ ਸਕਣਗੀਆਂ। ਖ਼ਾਸ ਤੌਰ ’ਤੇ ਉਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ, ਜਿੱਥੇ ਮਾਹਿਰ ਜਾਂਚ ਸਹੂਲਤਾਂ ਤੱਕ ਪਹੁੰਚ ਸੀਮਤ ਹੈ।

ਸਿਹਤ ਵਿਭਾਗ ਵੱਲੋਂ ਹਰ ਮਹੀਨੇ 80 ਵਿਸ਼ੇਸ਼ ਜਾਂਚ ਕੈਂਪ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਵਿਭਾਗੀ ਅਨੁਮਾਨ ਅਨੁਸਾਰ ਇਨ੍ਹਾਂ ਮੋਬਾਈਲ ਵੈਨਾਂ ਰਾਹੀਂ ਹਰ ਮਹੀਨੇ ਲਗਭਗ 13,600 ਲੋਕਾਂ ਦੀ ਜਾਂਚ ਕੀਤੀ ਜਾ ਸਕੇਗੀ। ਇਸ ਤਰ੍ਹਾਂ ਸਾਲਾਨਾ ਕਰੀਬ 1.63 ਲੱਖ ਲੋਕਾਂ ਦੀ ਟੀਬੀ ਸਕ੍ਰੀਨਿੰਗ ਕਰਨ ਦੀ ਸਮਰੱਥਾ ਵਿਕਸਤ ਹੋਵੇਗੀ।

ਇਸ ਵਿੱਚ ਕਰਨਾਲ ਵਿੱਚ ਹਰ ਮਹੀਨੇ 5,000, ਮੇਵਾਤ ਵਿੱਚ 3,600, ਕੁਰੂਕਸ਼ੇਤਰ ਵਿੱਚ 3,000 ਅਤੇ ਚਰਖੀ ਦਾਦਰੀ ਵਿੱਚ 2,000 ਲੋਕਾਂ ਦੀ ਜਾਂਚ ਦਾ ਟੀਚਾ ਮਿੱਥਿਆ ਗਿਆ ਹੈ।

ਇਸ ਪ੍ਰਬੰਧ ਨਾਲ ਟੀਬੀ ਦੇ ਸੰਭਾਵੀ ਮਰੀਜ਼ਾਂ ਦੀ ਸਰਗਰਮੀ ਨਾਲ ਪਛਾਣ ਕਰਨ, ਸਮੇਂ ਸਿਰ ਜਾਂਚ ਕਰਵਾਉਣ ਅਤੇ ਬਿਮਾਰੀ ਦੀ ਪੁਸ਼ਟੀ ਹੋਣ ’ਤੇ ਮਰੀਜ਼ਾਂ ਦਾ ਜਲਦੀ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।


ਪੋਸ਼ਣ ਸਹਾਇਤਾ ਅਤੇ ਸ਼ੁਰੂਆਤੀ ਜਾਂਚ ਨਾਲ ਮਜ਼ਬੂਤ ਹੋਵੇਗੀ ਟੀਬੀ ਖ਼ਾਤਮਾ ਮੁਹਿੰਮ

ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਪੋਸ਼ਣ ਸਹਾਇਤਾ ਅਤੇ ਘਰ ਦੇ ਨੇੜੇ ਜਾਂਚ ਸਹੂਲਤਾਂ ’ਤੇ ਇੱਕੋ ਸਮੇਂ ਧਿਆਨ ਦੇਣ ਨਾਲ ਮਰੀਜ਼ਾਂ ਦੀ ਦੇਖਭਾਲ ਬਿਹਤਰ ਹੋਵੇਗੀ ਅਤੇ ਵੱਧ ਜੋਖਮ ਵਾਲੇ ਭਾਈਚਾਰਿਆਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਵਧੇਗੀ।

ਉਨ੍ਹਾਂ ਇਸ ਮਹੱਤਵਪੂਰਨ ਸਹਿਯੋਗ ਲਈ ਐਨਟੀਪੀਸੀ ਅਤੇ ਹੁਡਕੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੰਸਥਾਗਤ ਯਤਨ ਮਰੀਜ਼ਾਂ ਨੂੰ ਇਲਾਜ ਦੌਰਾਨ ਲੋੜੀਂਦੀ ਸਹਾਇਤਾ ਦੇਣ ਅਤੇ ਆਧੁਨਿਕ ਜਾਂਚ ਸਹੂਲਤਾਂ ਦੇ ਵਿਸਥਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਹ ਪਹਿਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਵਿੱਤੀ ਸਹਿਯੋਗ, ਅਤਿ-ਆਧੁਨਿਕ ਜਾਂਚ ਤਕਨੀਕ ਅਤੇ ਮਰੀਜ਼ਾਂ ਨੂੰ ਨਿਸ਼ਾਨਾਬੱਧ ਪੋਸ਼ਣ ਸਹਾਇਤਾ ਦੇ ਤਾਲਮੇਲ ਨਾਲ ਹਰਿਆਣਾ ਵਿੱਚ ਟੀਬੀ ਦੀ ਪਛਾਣ ਅਤੇ ਇਲਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।