ਚੰਡੀਗੜ੍ਹ, 15 ਅਕਤੂਬਰ:- ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਵਚਨਬੱਧ ਹੈ। ਇਸ ਉਦੇਸ਼ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਕੰਮਾਂ ਦਾ ਸਨਮਾਨ ਕਰਨ ਲਈ ਸਾਲ 2026-27 ਦੇ ਸੂਬਾ ਪੱਧਰੀ ਮਹਿਲਾ ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਯੋਗ ਔਰਤਾਂ ਤੋਂ 5 ਨਵੰਬਰ, 2026 ਤੱਕ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।

ਸ਼ਰੂਤੀ ਚੌਧਰੀ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਨੇ ਸਮਾਜਿਕ ਸੇਵਾ, ਮਹਿਲਾ ਸਸ਼ਕਤੀਕਰਨ, ਪ੍ਰਸ਼ਾਸਨ, ਉੱਦਮਤਾ, ਖੇਡਾਂ, ਪੰਚਾਇਤੀ ਰਾਜ ਅਤੇ ਹੋਰ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸੂਬਾ ਸਰਕਾਰ ਦਾ ਉਦੇਸ਼ ਅਜਿਹੀਆਂ ਔਰਤਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ, ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਔਰਤਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਸ਼੍ਰੀਮਤੀ ਸੁਸ਼ਮਾ ਸਵਰਾਜ ਪੁਰਸਕਾਰ ਤਹਿਤ ਪੰਜ ਲੱਖ ਰੁਪਏ, ਇੰਦਰਾ ਗਾਂਧੀ ਮਹਿਲਾ ਸ਼ਕਤੀ ਪੁਰਸਕਾਰ ਤਹਿਤ ਇੱਕ ਲੱਖ 50 ਹਜ਼ਾਰ ਰੁਪਏ ਅਤੇ ਕਲਪਨਾ ਚਾਵਲਾ ਸ਼ੌਰਿਆ ਪੁਰਸਕਾਰ ਤੇ ਭੈਣ ਸ਼ੰਨੋ ਦੇਵੀ ਪੰਚਾਇਤੀ ਰਾਜ ਪੁਰਸਕਾਰ ਤਹਿਤ ਇੱਕ-ਇੱਕ ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਲਾਈਫਟਾਈਮ ਅਚੀਵਰਜ਼ ਪੁਰਸਕਾਰ ਤਹਿਤ 51 ਹਜ਼ਾਰ ਰੁਪਏ ਅਤੇ ਸ਼ਾਨਦਾਰ ਪ੍ਰਾਪਤੀ ਵਾਲੀਆਂ ਔਰਤਾਂ ਦੀ ਸ਼੍ਰੇਣੀ ਵਿੱਚ 21 ਹਜ਼ਾਰ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। ਸਾਰੀਆਂ ਚੁਣੀਆਂ ਗਈਆਂ ਔਰਤਾਂ ਨੂੰ ਨਕਦ ਪੁਰਸਕਾਰ ਦੇ ਨਾਲ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਪੁਰਸਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਖੇਤਰਾਂ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਦਿੱਤਾ ਜਾਵੇਗਾ। ਇੰਦਰਾ ਗਾਂਧੀ ਮਹਿਲਾ ਸ਼ਕਤੀ ਪੁਰਸਕਾਰ ਔਰਤਾਂ ਅਤੇ ਬੱਚਿਆਂ ਦੀ ਭਲਾਈ, ਸੁਰੱਖਿਆ ਅਤੇ ਮੁੜ ਵਸੇਬੇ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਔਰਤਾਂ ਲਈ ਹੈ। ਕਲਪਨਾ ਚਾਵਲਾ ਸ਼ੌਰਿਆ ਪੁਰਸਕਾਰ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ, ਜੋ ਬਹਾਦਰੀ ਭਰੇ ਕੰਮਾਂ ਅਤੇ ਮਿਸਾਲੀ ਸੇਵਾਵਾਂ ਰਾਹੀਂ ਹੋਰ ਔਰਤਾਂ ਨੂੰ ਪ੍ਰੇਰਿਤ ਕਰਦੀਆਂ ਹਨ।

ਇਸੇ ਤਰ੍ਹਾਂ, ਭੈਣ ਸ਼ੰਨੋ ਦੇਵੀ ਪੰਚਾਇਤੀ ਰਾਜ ਪੁਰਸਕਾਰ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਉਨ੍ਹਾਂ ਮਹਿਲਾ ਨੁਮਾਇੰਦਿਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਜ਼ਿਕਰਯੋਗ ਕੰਮ ਕੀਤਾ ਹੋਵੇ। ਲਾਈਫਟਾਈਮ ਅਚੀਵਰਜ਼ ਪੁਰਸਕਾਰ 60 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਆਪਣੇ ਕਾਰਜਖੇਤਰ ਵਿੱਚ ਲੰਬੇ ਸਮੇਂ ਤੱਕ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹੋਣ। ਸ਼ਾਨਦਾਰ ਪ੍ਰਾਪਤੀ ਪੁਰਸਕਾਰ ਤਹਿਤ ਏ.ਐਨ.ਐਮ. (ANM), ਨਰਸਾਂ, ਬਹੁ-ਉਦੇਸ਼ੀ ਸਿਹਤ ਕਰਮਚਾਰੀਆਂ, ਖਿਡਾਰਨਾਂ, ਸਰਕਾਰੀ ਕਰਮਚਾਰੀਆਂ, ਸਾਖਰ ਮਹਿਲਾ ਸਮੂਹਾਂ ਦੀਆਂ ਮੈਂਬਰਾਂ, ਸਮਾਜਿਕ ਕਰਮਚਾਰੀਆਂ, ਆਂਗਣਵਾੜੀ ਵਰਕਰਾਂ ਅਤੇ ਮਹਿਲਾ ਉੱਦਮੀਆਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਸ਼ਰੂਤੀ ਚੌਧਰੀ ਨੇ ਯੋਗ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਅੰਦਰ ਅਰਜ਼ੀਆਂ ਦੇਣ ਅਤੇ ਇਸ ਮੌਕੇ ਦਾ ਲਾਭ ਉਠਾਉਣ। ਪੁਰਸਕਾਰਾਂ ਨਾਲ ਸਬੰਧਤ ਯੋਗਤਾ ਸ਼ਰਤਾਂ, ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਅਤੇ ਅਰਜ਼ੀ ਪ੍ਰਕਿਰਿਆ ਵਿਭਾਗ ਦੀ ਵੈੱਬਸਾਈਟ https://onlinemis.wcdhry.gov.in/gaurav ’ਤੇ ਉਪਲਬਧ ਹਨ। ਅਰਜ਼ੀਆਂ ਸਿਰਫ਼ ਆਨਲਾਈਨ ਮਾਧਿਅਮ ਰਾਹੀਂ ਹੀ ਸਵੀਕਾਰ ਕੀਤੀਆਂ ਜਾਣਗੀਆਂ।