ਚੰਡੀਗੜ੍ਹ, 17 ਅਕਤੂਬਰ:- ਹਰਿਆਣਾ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਤਾਕਤ, ਸੁਸ਼ਾਸਨ ਦੇ ਸੰਕਲਪ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਨਾਲ ਸੂਬਾ ਸਰਕਾਰ ਨੇ ਆਪਣੇ ਲਗਾਤਾਰ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਨੇ ਜਿਸ ਵਿਸ਼ਵਾਸ ਨਾਲ ਸਰਕਾਰ ਨੂੰ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਹੈ, ਸਰਕਾਰ ਉਸ ਨੂੰ ਪੂਰੀ ਨਿਸ਼ਠਾ, ਪਾਰਦਰਸ਼ਤਾ, ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਨਾਲ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਸੱਤਾ ਲਈ ਨਹੀਂ, ਸਗੋਂ ਸੇਵਾ ਲਈ ਹੈ। ਸੂਬੇ ਦੇ 2 ਕਰੋੜ 80 ਲੱਖ ਨਾਗਰਿਕਾਂ ਦੀਆਂ ਉਮੀਦਾਂ ਉਨ੍ਹਾਂ ਦੀ ਤਰਜੀਹ ਹਨ ਅਤੇ ਹਰਿਆਣਾ ਨੂੰ ਵਿਕਾਸ, ਬਰਾਬਰ ਮੌਕਿਆਂ ਅਤੇ ਲੋਕ ਭਲਾਈ ਦੇ ਨਵੇਂ ਮੁਕਾਮਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਸੰਕਲਪ ਹੈ।

ਮੁੱਖ ਮੰਤਰੀ ਚੰਡੀਗੜ੍ਹ ਵਿੱਚ ਸੂਬਾ ਸਰਕਾਰ ਦੇ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ’ਤੇ ਆਧਾਰਿਤ ਪੁਸਤਿਕਾ ਦਾ ਵੀ ਉਦਘਾਟਨ ਕੀਤਾ।

ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਹਰਿਆਣਾ ਨੂੰ ਨੰਬਰ ਵਨ ਦੱਸਣ ਵਾਲੇ ਲੋਕਾਂ ਨੂੰ ਅੱਜ ਸੂਬੇ ਦੀ ਅਸਲ ਤਰੱਕੀ ਅਤੇ ਬਦਲਦੀ ਤਸਵੀਰ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਦੇ ਸਮੇਂ ਵਿੱਚ ਹਰਿਆਣਾ ਨੰਬਰ ਵਨ ਤਾਂ ਸੀ, ਪਰ ਪਰਚੀ-ਖਰਚੀ, ਭਾਈ-ਭਤੀਜਾਵਾਦ, ਡਰ, ਭ੍ਰਿਸ਼ਟਾਚਾਰ ਅਤੇ ਖੇਤਰਵਾਦ ਦੇ ਮਾਮਲੇ ਵਿੱਚ। ਨੌਕਰੀਆਂ ਵਿੱਚ ਯੋਗਤਾ ਦੀ ਬਜਾਏ ਸਿਫ਼ਾਰਸ਼ ਅਤੇ ਪਰਚੀ-ਖਰਚੀ ਦਾ ਬੋਲਬਾਲਾ ਸੀ। ਪਾਤਾਲ ਤੋਂ ਲੈ ਕੇ ਆਕਾਸ਼ ਤੱਕ ਘੁਟਾਲੇ ਸਨ। ਅਜਿਹੇ ਸ਼ਾਸਨ ਨੇ ਸੂਬੇ ਦੇ ਵਿਕਾਸ ਨੂੰ ਪਿੱਛੇ ਧੱਕਿਆ ਅਤੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਦੀ ਸਰਕਾਰ ਦੇ ਦਸ ਸਾਲਾਂ ਦੌਰਾਨ ਸਿਰਫ਼ ਇੱਕ ਖੇਤਰ ਦਾ ਵਿਕਾਸ ਕੀਤਾ ਗਿਆ ਅਤੇ ਬਾਕੀ ਹਰਿਆਣਾ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਤਿੰਨ-ਤਿੰਨ ਦਿਨਾਂ ਬਾਅਦ ਗੈਸ ਸਿਲੰਡਰ ਮਿਲਦਾ ਸੀ ਅਤੇ ਇਸ ਮਾਮਲੇ ਵਿੱਚ ਹਰਿਆਣਾ ਨੰਬਰ ਵਨ ਸੀ। ਝੂਠੇ ਵਾਅਦਿਆਂ ਵਿੱਚ ਵੀ ਸੂਬਾ ਨੰਬਰ ਵਨ ਸੀ। ਉਹ 24 ਘੰਟੇ ਬਿਜਲੀ ਦੇਣ ਦੇ ਵਾਅਦੇ ਕਰਦੇ ਸਨ, ਪਰ ਹਰਿਆਣਾ ਵਿੱਚ ਸਿਰਫ਼ ਚਾਰ ਤੋਂ ਪੰਜ ਘੰਟੇ ਬਿਜਲੀ ਮਿਲਣ ਦੇ ਮਾਮਲੇ ਵਿੱਚ ਸੂਬਾ ਨੰਬਰ ਵਨ ਸੀ। ਇਹੀ ਕਾਰਨ ਹੈ ਕਿ ਜਾਗਰੂਕ ਹਰਿਆਣਵੀਆਂ ਨੇ ਬਦਲਾਅ ਦਾ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ।


ਸੱਤਾ ਵਿੱਚ ਰਹਿੰਦਿਆਂ ਲੋਕਾਂ ਨੂੰ ਮਿਲਦੇ ਤੱਕ ਨਹੀਂ ਸਨ, ਅੱਜ ਸੜਕਾਂ ’ਤੇ ਘੁੰਮ ਰਹੇ ਹਨ ਕਾਂਗਰਸੀ ਆਗੂ

ਕਾਂਗਰਸੀ ਆਗੂਆਂ ’ਤੇ ਤੰਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕੁਝ ਲੋਕ ਸੜਕਾਂ ’ਤੇ ਘੁੰਮ ਕੇ ਜਨਤਾ ਦੇ ਵਿਚਕਾਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਦੋਂ ਉਨ੍ਹਾਂ ਦੇ ਹੱਥ ਵਿੱਚ ਸੱਤਾ ਸੀ, ਉਦੋਂ ਉਹ ਆਮ ਲੋਕਾਂ ਨੂੰ ਮਿਲਣਾ ਤੱਕ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਲੋਕਾਂ ਦੇ ਪਸੀਨੇ ਦੀ ਬਦਬੂ ਆਉਂਦੀ ਸੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪਈਆਂ ਅਤੇ ਜਨਤਾ ਇਸ ਦਾ ਜਵਾਬ ਦੇ ਚੁੱਕੀ ਹੈ।


‘ਵਿਕਸਤ ਭਾਰਤ-2047’ ਦੇ ਵਿਜ਼ਨ ਅਨੁਸਾਰ ਹਰਿਆਣਾ ਨੂੰ ਦੇਸ਼ ਦਾ ਮੋਹਰੀ ਵਿਕਸਤ ਸੂਬਾ ਬਣਾਉਣ ਦਾ ਸੰਕਲਪ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਤ ਭਾਰਤ-2047’ ਦੇ ਵਿਜ਼ਨ ਅਨੁਸਾਰ ਹਰਿਆਣਾ ਨੂੰ ਦੇਸ਼ ਦਾ ਮੋਹਰੀ ਵਿਕਸਤ ਸੂਬਾ ਬਣਾਉਣਾ ਸਰਕਾਰ ਦਾ ਸੰਕਲਪ ਹੈ। ਇਸੇ ਦਿਸ਼ਾ ਵਿੱਚ ‘ਵਿਕਸਤ ਹਰਿਆਣਾ, ਵਿਕਸਤ ਭਾਰਤ’ ਦੀ ਭਾਵਨਾ ਨਾਲ ਹਰ ਨੀਤੀ, ਯੋਜਨਾ ਅਤੇ ਫ਼ੈਸਲੇ ਨੂੰ ਕਿਸਾਨਾਂ ਦੀ ਖੁਸ਼ਹਾਲੀ, ਗ਼ਰੀਬਾਂ ਦੇ ਆਰਥਿਕ ਸਸ਼ਕਤੀਕਰਨ, ਨੌਜਵਾਨਾਂ ਦੇ ਰੁਜ਼ਗਾਰ, ਮਹਿਲਾਵਾਂ ਦੇ ਸਨਮਾਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਵਿਸਥਾਰ ’ਤੇ ਕੇਂਦਰਿਤ ਕੀਤਾ ਗਿਆ ਹੈ।


ਸੰਕਲਪਾਂ ਨੂੰ ਸਿੱਧੀ ਵਿੱਚ ਬਦਲਣ ਲਈ ਠੋਸ ਕਦਮ, ਦੋ ਸਾਲਾਂ ਵਿੱਚ 217 ਵਿੱਚੋਂ 76 ਸੰਕਲਪ ਪੂਰੇ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ‘ਵਿਕਸਤ ਹਰਿਆਣਾ, ਵਿਕਸਤ ਭਾਰਤ’ ਦੀ ਮਜ਼ਬੂਤ ਨੀਂਹ ਕਿਸਾਨਾਂ ਦੀ ਖੁਸ਼ਹਾਲੀ, ਗ਼ਰੀਬਾਂ ਦੀ ਆਰਥਿਕ ਸੁਰੱਖਿਆ, ਨੌਜਵਾਨਾਂ ਦੇ ਰੁਜ਼ਗਾਰ, ਮਹਿਲਾਵਾਂ ਦੇ ਸਨਮਾਨ ਅਤੇ ਬਿਹਤਰ ਸਿੱਖਿਆ ਤੇ ਸਿਹਤ ਸਹੂਲਤਾਂ ਨਾਲ ਬਣਦੀ ਹੈ। ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਦੇ ਹਰ ਫ਼ੈਸਲੇ ਅਤੇ ਹਰ ਯੋਜਨਾ ਦੇ ਕੇਂਦਰ ਵਿੱਚ ਇਹੀ ਸੋਚ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵੀ ਦਿਖਾਉਂਦੀ ਹੈ। ਇਸ ਦਾ ਸਬੂਤ ਇਹ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸੰਕਲਪ-ਪੱਤਰ ਦੇ 217 ਵਿੱਚੋਂ 76 ਸੰਕਲਪ ਸਿਰਫ਼ ਦੋ ਸਾਲਾਂ ਵਿੱਚ ਪੂਰੇ ਕੀਤੇ ਗਏ ਹਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ 2,100 ਰੁਪਏ ਦੀ ਵਿੱਤੀ ਸਹਾਇਤਾ, ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖ਼ਰੀਦ, ਨਕਲੀ ਖਾਦ, ਬੀਜ ਅਤੇ ਕੀਟਨਾਸ਼ਕ ਬਣਾਉਣ ਤੇ ਵੇਚਣ ਵਾਲਿਆਂ ਨੂੰ ਪੰਜ ਸਾਲ ਦੀ ਸਜ਼ਾ ਦੇਣ ਸਬੰਧੀ ਕਾਨੂੰਨ, ਡੰਕੀ ਰੂਟ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਾਨੂੰਨ, ਹਰ ਹਰਿਆਣਵੀ ਅਗਨੀਵੀਰ ਨੂੰ ਸਰਕਾਰੀ ਨੌਕਰੀ ਦੀ ਗਾਰੰਟੀ, ਸਾਰੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਗੁਰਦਿਆਂ ਦੇ ਮਰੀਜ਼ਾਂ ਲਈ ਮੁਫ਼ਤ ਡਾਇਲਿਸਿਸ ਸੇਵਾ, ਆਯੁਸ਼ਮਾਨ ਭਾਰਤ ਯੋਜਨਾ ਤਹਿਤ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ, ਠੇਕਾ ਆਧਾਰਿਤ ਕਰਮਚਾਰੀਆਂ ਨੂੰ ਸੇਵਾ ਸੁਰੱਖਿਆ ਅਤੇ ਹਰਿਆਣਾ ਰਾਜ ਦੇ ਗਠਨ ਤੋਂ ਪਹਿਲਾਂ ਦੇ ਪੱਟੇਦਾਰਾਂ ਨੂੰ ਜ਼ਮੀਨ ਦਾ ਮਾਲਕੀ ਹੱਕ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ, 141 ਸੰਕਲਪਾਂ ’ਤੇ ਕੰਮ ਜਾਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰਮਭੂਮੀ ਰਿਹਾ ਹੈ ਅਤੇ ਉਨ੍ਹਾਂ ਦਾ ਸੂਬੇ ਨਾਲ ਵਿਸ਼ੇਸ਼ ਲਗਾਅ ਹੈ। ਇਸੇ ਕਾਰਨ ਉਨ੍ਹਾਂ ਨੇ ਸੂਬੇ ਦੇ ਆਪਣੇ 18 ਦੌਰਿਆਂ ਦੌਰਾਨ 86 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਹਰਿਆਣਾ ਨੂੰ ਸੱਤ ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ ਹੈ।


ਐੱਚਸੀਐੱਸ ਦੇ ਨਤੀਜਿਆਂ ਨੇ ਵਿਵਸਥਾ ਵਿੱਚ ਬਦਲਾਅ ਦਿਖਾਇਆ, ਨੌਜਵਾਨਾਂ ਦਾ ਧਿਆਨ ਹੁਣ ਪੜ੍ਹਾਈ ’ਤੇ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਾਂ ਨੌਜਵਾਨਾਂ ਨੂੰ ਨੌਕਰੀ ਹਾਸਲ ਕਰਨ ਲਈ ਨੇਤਾਵਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਪੜ੍ਹਾਈ ਕਰਨ ਦੀ ਬਜਾਏ ਉਨ੍ਹਾਂ ਦਾ ਸਮਾਂ ਸਿਫ਼ਾਰਸ਼ ਲਈ ਚੱਕਰ ਲਗਾਉਣ ਵਿੱਚ ਬੀਤਦਾ ਸੀ। ਅੱਜ ਨੌਜਵਾਨ ਆਪਣਾ ਪੂਰਾ ਧਿਆਨ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ’ਤੇ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ ਐੱਚਸੀਐੱਸ ਪ੍ਰੀਖਿਆ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਮਿਲ ਰਹੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਹੁਣ ਤੱਕ 46,500 ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵੀ ਜਾਣਦੇ ਹਨ ਕਿ ਉਨ੍ਹਾਂ ਵੱਲੋਂ ਬਣਾਈ ਗਈ ਵਿਵਸਥਾ ਦੇ ਬਾਵਜੂਦ ਮੌਜੂਦਾ ਸਰਕਾਰ ਨੇ ਬਿਨਾਂ ਪਰਚੀ-ਖਰਚੀ ਦੇ ਨੌਕਰੀਆਂ ਦਿੱਤੀਆਂ ਹਨ।


ਪੰਜਾਬ ਵਿੱਚ ਨਸ਼ਿਆਂ ਬਾਰੇ ਕੀਤੇ ਵਾਅਦਿਆਂ ਦਾ ਕੀ ਬਣਿਆ? ਆਮ ਆਦਮੀ ਪਾਰਟੀ ਦੀ ਸਰਕਾਰ ਦੇਵੇ ਜਵਾਬ

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਨੇ ਉੱਥੋਂ ਦੀ ਸਰਕਾਰ ਦੇ ਕੰਮਕਾਜ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਨਤਾ ਨਾਲ ਤਿੰਨ ਤੋਂ ਛੇ ਮਹੀਨਿਆਂ ਵਿੱਚ ਨਸ਼ਿਆਂ ਨੂੰ ਘਟਾਉਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਪੁੱਛਿਆ ਕਿ ਉਸ ਵਾਅਦੇ ਦੇ ਹੁਣ ਤੱਕ ਕੀ ਨਤੀਜੇ ਸਾਹਮਣੇ ਆਏ ਹਨ।

ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕੰਮ ਕਰਨ ਦਾ ਸਮਾਂ ਗੁਆ ਦਿੱਤਾ ਹੈ ਅਤੇ ਅੱਜ ਲੋਕ ਡਰ ਕਾਰਨ ਨਸ਼ਿਆਂ ਵਿਰੁੱਧ ਸ਼ਿਕਾਇਤ ਕਰਨ ਤੋਂ ਵੀ ਬਚਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਨਤਾ ਨਾਲ ਕੀਤੇ ਵਾਅਦਿਆਂ ਦਾ ਜਵਾਬ ਦੇਣਾ ਚਾਹੀਦਾ ਹੈ।


ਬਿਨਾਂ ਥੱਕੇ, ਬਿਨਾਂ ਰੁਕੇ ਦੇਸ਼ ਲਈ ਕੰਮ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਥੱਕੇ, ਬਿਨਾਂ ਰੁਕੇ ਅਤੇ ਬਿਨਾਂ ਛੁੱਟੀ ਲਏ ਦੇਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕਾਰਜਸ਼ੈਲੀ ਜਨ ਪ੍ਰਤੀਨਿਧੀਆਂ ਲਈ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕੰਮਕਾਜ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੀਆਂ ਉਮੀਦਾਂ ਵਧੀਆਂ ਹਨ। ਆਪਣੇ ਸਵੀਡਨ ਦੌਰੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉੱਥੇ ਵੀ ਲੋਕ ‘ਮੋਦੀ-ਮੋਦੀ’ ਦੇ ਨਾਅਰੇ ਲਗਾਉਂਦੇ ਹਨ ਅਤੇ ਭਾਰਤ ਵਿੱਚ ਕੰਮ ਕਰਨ ਤੇ ਨਿਵੇਸ਼ ਕਰਨ ਲਈ ਉਤਸੁਕ ਹਨ। ਮੁੱਖ ਮੰਤਰੀ ਨੇ ਇਸ ਨੂੰ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦਾ ਨਤੀਜਾ ਦੱਸਿਆ। ਉਨ੍ਹਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਦੀ ਸਮਝ ਨਹੀਂ ਹੈ।

ਇਸ ਮੌਕੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਕਮਿਸ਼ਨਰ ਅਤੇ ਸਕੱਤਰ ਅਸ਼ੋਕ ਮੀਣਾ, ਕਮਿਸ਼ਨਰ ਅਤੇ ਸਕੱਤਰ ਕੇ. ਮਕਰੰਦ ਪਾਂਡੁਰੰਗ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।