ਹੁਸ਼ਿਆਰਪੁਰ- ਬਾਲ ਸਾਹਿਤ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਵਾਲੀ ਕਵਿਤਰੀ ਹਰਜਿੰਦਰ ਕੌਰ ਦੀ ਪਲੇਠੀ ਬਾਲ ਪੁਸਤਕ 'ਸੋਹਣੇ ਬਾਲ ਬੜੇ ਕਮਾਲ' ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਟਿਬਰੀਵਾਲਾ ਫਾਰਮ ਵਿੱਚ ਜਾਰੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਏ ਈ ਓ ਸਰਬਜੀਤ ਸਿੰਘ ਨੇ ਕਵਿਤਰੀ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਹ ਸਾਰਾ ਪਰਿਵਾਰ ਉਹਨਾਂ ਦਾ ਵਿਦਿਆਰਥੀ ਰਿਹਾ ਹੈ ਤੇ ਇਹਨਾਂ ਨੇ ਜ਼ਿੰਦਗੀ ਵਿੱਚ ਹਮੇਸ਼ਾ ਸ਼ਾਨਦਾਰ ਮੱਲਾਂ ਮਾਰੀਆਂ ਹਨ।
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਹਰਜਿੰਦਰ ਕੌਰ ਦੀ ਕਾਵਿ ਕਲਾ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਸ ਕੋਲ ਬਾਲ ਮਨਾਂ ਦੇ ਹਾਣੀ ਕੂਲੇ਼ ਕੂਲੇ਼ ਸ਼ਬਦ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਆਪਣੇ ਜੀਵਨ ਵਿੱਚ ਖੁਸ਼ੀਆਂ ਦਾ ਆਨੰਦ ਮਾਨਣਗੇ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਲਈ ਇਹ ਇੱਕ ਦਿਲਚਸਪ ਅਤੇ ਪ੍ਰੇਰਨਾਦਾਇਕ ਪੁਸਤਕ ਹੈ।
ਪੁਸਤਕ ਤੇ ਪਰਚਾ ਪੜ੍ਹਦਿਆਂ ਸਾਹਿਤਕਾਰ ਰਘੁਵੀਰ ਸਿੰਘ ਕਲੋਆ ਨੇ ਕਵਿਤਰੀ ਦੀ ਸਾਹਿਤ ਸਿਰਜਣਾ ਨੂੰ ਇੱਕ ਮਾਹਿਰ ਕਵਿਤਰੀ ਵਜੋਂ ਪੇਸ਼ ਕੀਤਾ। ਬੱਗਾ ਸਿੰਘ ਆਰਟਿਸਟ ਨੇ ਸੁਖਮਨ ਸਿੰਘ ਵੱਲੋਂ ਕੀਤੀ ਚਿੱਤਰਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਠਕ ਸ਼ਬਦ ਪੜ੍ਹਨ ਤੋਂ ਪਹਿਲਾਂ ਚਿੱਤਰ ਦੇਖ ਕੇ ਆਕਰਸ਼ਿਤ ਹੁੰਦੇ ਹਨ। ਐਕਟਰ ਡਾਇਰੈਕਟਰ ਅਸ਼ੋਕ ਪੁਰੀ ਨੇ ਕਿਹਾ ਕਿ ਸਮਾਜ ਵਿੱਚੋਂ ਸਾਂਝੇ ਪਰਿਵਾਰ ਖਤਮ ਹੋ ਚੁੱਕੇ ਹਨ ਪਰ ਹਰਜਿੰਦਰ ਕੌਰ ਨੇ ਇਸ ਪਿਰਤ ਨੂੰ ਕਾਇਮ ਰੱਖ ਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ।
ਉਹਨਾਂ ਦੇ ਜੀਵਨ ਸਾਥੀ ਸਾਬਕਾ ਲੈਕਚਰਾਰ ਬਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਹਰਜਿੰਦਰ ਕੌਰ ਨੇ ਸਾਹਿਤਕ, ਸਮਾਜਿਕ ਅਤੇ ਸਿੱਖਿਆ ਆਦਿ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਸੈਂਟਰ ਹੈਡ ਟੀਚਰ ਦਵਿੰਦਰ ਕੌਰ ਅਤੇ ਅਧਿਆਪਕਾ ਬਲਵੀਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਵਿਤਰੀ ਇੱਕ ਮਨੋਵਿਗਿਆਨੀ ਵਾਂਗ ਬਾਲ ਮਨਾਂ ਦੀਆਂ ਗਹਿਰਾਈਆਂ ਤੱਕ ਉਤਰ ਜਾਂਦੀ ਹੈ।
ਸਤਨਾਮ ਸਿੰਘ ਐਸਡੀਓ ਬਿਜਲੀ ਬੋਰਡ ਨੇ ਸਵਾਗਤੀ ਸ਼ਬਦ ਪੇਸ਼ ਕਰਦਿਆਂ ਕਿਹਾ ਕਿ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਨੇ ਬਾਲ ਸਾਹਿਤ ਦੇ ਖੇਤਰ ਸਿਰਜਣਾ, ਸੰਪਾਦਨਾ, ਪ੍ਰਕਾਸ਼ਨਾ ਅਤੇ ਅਨੁਵਾਦਨ ਆਦਿ ਖੇਤਰਾਂ ਵਿੱਚ ਨਿਵੇਕਲੀਆਂ ਪ੍ਰਾਪਤੀਆਂ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।
ਮੰਚ ਸੰਚਾਲਨ ਕਰਦਿਆਂ ਸੁਖਮਨ ਸਿੰਘ ਨੇ ਕਿਹਾ ਕਿ ਇੱਕ ਅਧਿਆਪਕ ਦਾ ਸਾਹਿਤਕਾਰ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਬਲਜਿੰਦਰ ਮਾਨ ਦੀ ਸਰਪ੍ਰਸਤੀ ਹੇਠ ਨਿੱਕੀਆਂ ਕਰੂੰਬਲਾਂ ਵੱਲੋਂ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਪਿਛਲੇ ਤਿੰਨ ਦਹਾਕਿਆਂ ਤੋਂ ਨਿਰੰਤਰ ਜਾਰੀ ਹਨ।
ਇਸ ਮੌਕੇ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੀਆਂ ਕਾਪੀਆਂ ਸਾਰੇ ਦਰਸ਼ਕਾਂ ਨੂੰ ਵੰਡੀਆਂ ਗਈਆਂ। ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਕਵਿਤਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਹਰਜਿੰਦਰ ਕੌਰ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਸੰਪਾਦਕ ਦੀ ਪ੍ਰੇਰਨਾ ਸਦਕਾ ਹੀ ਇਹ ਪੁਸਤਕ ਪਾਠਕਾਂ ਦੇ ਹੱਥਾਂ ਤੱਕ ਪੁੱਜੀ ਹੈ।
ਆਪ ਵੱਲੋਂ ਨਵੀਆਂ ਕਲਮਾਂ ਦੀ ਇੱਕ ਨਰਸਰੀ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਪਰਿਵਾਰਕ ਮੈਂਬਰ ਚਰਨਜੀਤ ਕੌਰ,ਜੋਗਿੰਦਰ ਸਿੰਘ, ਕੁਲਦੀਪ ਕੌਰ, ਨਵਰੂਪ ਕੌਰ, ਸਿਮਰਨਜੀਤ ਕੌਰ, ਹਰਬੰਸ ਸਿੰਘ,ਬਲਜਿੰਦਰ ਕੌਰ ,ਦਲਵੀਰ ਸਿੰਘ, ਦਲਜੀਤ ਕੌਰ , ਗੁਰਬਖ਼ਸ਼ ਸਿੰਘ, ਸੰਤੋਖ ਸਿੰਘ ਤੋਂ ਇਲਾਵਾ ਸਾਹਿਤ ਪ੍ਰੇਮੀ ਸ਼ਾਮਿਲ ਹੋਏ।
ਹਰਜਿੰਦਰ ਕੌਰ ਦੀ ਬਾਲ ਪੁਸਤਕ ਸੋਹਣੇ ਬਾਲ ਬੜੇ ਕਮਾਲ ਬਲਜਿੰਦਰ ਮਾਨ ਵੱਲੋਂ ਜਾਰੀ
