ਡੇਰਾਬੱਸੀ, 15 ਨਵੰਬਰ (ਸੰਜੀਵ ਸਿੰਘ ਸੈਣੀ):- ਲੋਕ ਆਸਥਾ ਦੇ ਮਹਾਂਪੁਰਬ ਛੱਠ ਪੂਜਾ ਦੇ ਮੌਕੇ ’ਤੇ ਡੇਰਾਬੱਸੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ ਗਈ।

ਸ਼ਹਿਰ ਦੇ ਪ੍ਰਸਿੱਧ ਸ਼੍ਰੀ ਰਾਮਤਲਾਈ ਸਰੋਵਰ ’ਤੇ ਮੇਲੇ ਵਰਗਾ ਮਾਹੌਲ ਬਣ ਗਿਆ, ਜਿੱਥੇ ਸੈਂਕੜੇ ਸ਼ਰਧਾਲੂਆਂ ਨੇ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਛੱਠੀ ਮਈਆ ਦੀ ਪੂਜਾ ਕੀਤੀ।

ਸਰੋਵਰ ਦੇ ਕੰਢੇ ਵਿਸ਼ੇਸ਼ ਤੌਰ ’ਤੇ ਸਜਾਏ ਗਏ ਪੰਡਾਲ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਰੌਸ਼ਨ ਕੀਤਾ ਗਿਆ ਸੀ। ਪੂਰੇ ਇਲਾਕੇ ਵਿੱਚ ਭਜਨ-ਕੀਰਤਨ ਅਤੇ ਧਾਰਮਿਕ ਗੀਤਾਂ ਦੀ ਗੂੰਜ ਰਹੀ। ਔਰਤਾਂ ਨੇ ਰਵਾਇਤੀ ਪਹਿਰਾਵੇ ਵਿੱਚ ਸੂਰਜ ਡੁੱਬਣ ਸਮੇਂ ਜਲ ਅਤੇ ਦੁੱਧ ਅਰਪਣ ਕਰਕੇ ਪ੍ਰਾਰਥਨਾ ਕੀਤੀ।

ਸ਼ਾਮ ਵੇਲੇ ਘੱਗਰ ਦਰਿਆ ਦੇ ਘਾਟਾਂ ’ਤੇ ਵੀ ਹਜ਼ਾਰਾਂ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋਏ। ਉੱਥੇ ਵੀ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਗਿਆ ਅਤੇ ਛੱਠੀ ਮਈਆ ਅੱਗੇ ਮਨੋਕਾਮਨਾਵਾਂ ਪੂਰੀਆਂ ਹੋਣ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਹਲਕਾ ਡੇਰਾਬੱਸੀ ਤੋਂ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਆਪਣੇ ਸਾਥੀਆਂ ਸਮੇਤ ਵਾਰਡ ਨੰਬਰ 15 ਅਤੇ ਸ਼੍ਰੀ ਰਾਮਤਲਾਈ ਸਰੋਵਰ ਪਹੁੰਚੇ ਅਤੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਰਵਿੰਦਰ ਵੈਸ਼ਨਵ, ਦਿਨੇਸ਼ ਵੈਸ਼ਨਵ, ਮੰਡਲ ਪ੍ਰਧਾਨ ਪਵਨ ਧੀਮਾਨ, ਉਪੇਸ਼ ਬੰਸਲ, ਯੋਗੇਸ਼ ਅਤਰੀ ਅਤੇ ਹੋਰ ਸਥਾਨਕ ਆਗੂ ਵੀ ਮੌਜੂਦ ਸਨ।

ਬੰਨੀ ਸੰਧੂ ਨੇ ਛੱਠ ਪੂਜਾ ਦੀ ਵਧਾਈ ਦਿੰਦਿਆਂ ਕਿਹਾ, “ਛੱਠ ਪੂਜਾ ਲੋਕ ਆਸਥਾ ਦਾ ਪ੍ਰਤੀਕ ਹੈ, ਜੋ ਸਾਨੂੰ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਭਾਜਪਾ ਹਮੇਸ਼ਾ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ।”

ਸ਼੍ਰੀ ਰਾਮਤਲਾਈ ਸਰੋਵਰ ’ਤੇ ਪੂਰਵਾਂਚਲ ਦੇ ਪਰਿਵਾਰਾਂ ਦੇ ਨਾਲ-ਨਾਲ ਸਥਾਨਕ ਵਸਨੀਕਾਂ ਨੇ ਵੀ ਸ਼ਰਧਾ ਨਾਲ ਪੂਜਾ ਵਿੱਚ ਹਿੱਸਾ ਲਿਆ, ਜਿਸ ਨਾਲ ਪੂਰਾ ਇਲਾਕਾ ਧਾਰਮਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ।