ਨਵੀਂ ਦਿੱਲੀ:- ਯੂ.ਪੀ.ਆਈ. ਰਾਹੀਂ ਕੀਤੇ ਜਾਣ ਵਾਲੇ ਭੁਗਤਾਨਾਂ ’ਤੇ ਵਾਧੂ ਫ਼ੀਸ ਲਾਉਣ ਬਾਰੇ ਉੱਠੀਆਂ ਚਿੰਤਾਵਾਂ ਅਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਚੋਣਵੇਂ ਵਪਾਰਕ ਲੈਣ-ਦੇਣ ’ਤੇ ਲਾਗੂ ਹੋਣ ਵਾਲੇ ਮਰਚੈਂਟ ਡਿਸਕਾਊਂਟ ਰੇਟ (ਐੱਮ.ਡੀ.ਆਰ.) ਨੂੰ ਦੀਵਾਲੀ ਤੋਂ ਬਾਅਦ ਤੱਕ ਮੁਲਤਵੀ ਕਰ ਦਿੱਤਾ ਹੈ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ.ਪੀ.ਸੀ.ਆਈ.) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਯੂ.ਪੀ.ਆਈ. ਐਂਡ ਸਰਵਿਸਿਜ਼ ਸਟੀਅਰਿੰਗ ਕਮੇਟੀ ਨੇ ਚੁਣਵੇਂ ਵਿਅਕਤੀ-ਤੋਂ-ਵਪਾਰੀ (ਪਰਸਨ-ਟੂ-ਮਰਚੈਂਟ) ਲੈਣ-ਦੇਣ ’ਤੇ ਐੱਮ.ਡੀ.ਆਰ. ਲਾਗੂ ਕਰਨ ਦੀ ਤਾਰੀਖ਼ ਅੱਗੇ ਵਧਾ ਦਿੱਤੀ ਹੈ। ਨਵੀਂ ਤਾਰੀਖ਼ ਦਾ ਐਲਾਨ ਦੀਵਾਲੀ ਤੋਂ ਬਾਅਦ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਪਹਿਲਾਂ ਇਹ ਨਿਯਮ 15 ਅਕਤੂਬਰ ਤੋਂ ਲਾਗੂ ਹੋਣਾ ਸੀ, ਪਰ ਹੁਣ ਇਸ ਦੇ ਜਨਵਰੀ ਤੋਂ ਲਾਗੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਨਵਾਂ ਨਿਯਮ ਕੀ ਸੀ?
ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਐੱਨ.ਪੀ.ਸੀ.ਆਈ. ਨੇ ਐਲਾਨ ਕੀਤਾ ਸੀ ਕਿ ਯੂ.ਪੀ.ਆਈ. ਰਾਹੀਂ ਕੀਤੇ ਜਾਣ ਵਾਲੇ 2,000 ਰੁਪਏ ਤੋਂ ਵੱਧ ਦੇ ਵੱਡੇ ਵਪਾਰਕ ਲੈਣ-ਦੇਣ ’ਤੇ 0.4 ਫ਼ੀਸਦੀ ਫ਼ੀਸ ਲਗਾਈ ਜਾਵੇਗੀ। 75,000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ-ਦੇਣ ਲਈ ਇਹ ਫ਼ੀਸ ਵੱਧ ਤੋਂ ਵੱਧ 300 ਰੁਪਏ ਪ੍ਰਤੀ ਲੈਣ-ਦੇਣ ਤੈਅ ਕੀਤੀ ਗਈ ਸੀ।
