ਅੰਬਾਲਾ, 24 ਅਕਤੂਬਰ (ਆਰ. ਸਿੰਘ):- ਦ੍ਰਾਮਨ, ਨਾਰਵੇ ਤੋਂ ਜਸਕਰਨ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਰਵੇ ਦੇ ਦ੍ਰਾਮਨ ਸ਼ਹਿਰ ਦੇ ਇਲਾਕੇ ਵਿੱਚ ਸਥਾਨਕ ਸਿੱਖਾਂ ਦੇ ਉੱਦਮ ਤਹਿਤ ਚਲਾਏ ਜਾ ਰਹੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦੀ ਕਾਰਗੁਜ਼ਾਰੀ ਦੇਖਣ ਲਈ ਪੁੱਜੇ। ਇਸ ਉਪਰੰਤ ਉਹ ਨੇੜੇ ਹੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ, ਲੀਅਰ, ਦ੍ਰਾਮਨ ਵਿਖੇ ਨਤਮਸਤਕ ਹੋਏ।

ਨਾਰਵੇ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਹਿਲੀ ਤੋਂ ਚੌਥੀ ਜਮਾਤ ਤੱਕ ਚੱਲ ਰਹੀਆਂ ਵੱਖ-ਵੱਖ ਜਮਾਤਾਂ ਵਿੱਚ ਜਾ ਕੇ ਮਾਂ ਬੋਲੀ ਪੰਜਾਬੀ ਦੀ ਸਿੱਖਿਆ ਲੈ ਰਹੇ ਸਿੱਖ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਪਾਸੋਂ ਪੰਜਾਬੀ ਅਤੇ ਸਿੱਖ ਇਤਿਹਾਸ ਸਬੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਬੱਚਿਆਂ ਨੇ ਚੰਗੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਪੰਜਾਬੀ ਦੇ ਨਾਲ-ਨਾਲ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਲਈ ਕਿਹਾ। ਉਨ੍ਹਾਂ ਇਸ ਉਪਰਾਲੇ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟ ਕਰਦਿਆਂ ਇਸ ਨੂੰ ਹਮੇਸ਼ਾ ਇਸੇ ਤਰ੍ਹਾਂ ਜਾਰੀ ਰੱਖਣ ਦੀ ਤਾਕੀਦ ਕੀਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਵੱਸਣ ਵਾਲੇ ਸਿੱਖਾਂ ਅਤੇ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਵਿਰਸੇ, ਇਤਿਹਾਸ ਅਤੇ ਰਵਾਇਤਾਂ ਨਾਲ ਜੋੜੀ ਰੱਖਣ ਲਈ ਪੰਜਾਬੀ ਸਿਖਾਉਣ ਦੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਇੱਕ ਖਾਲੀ ਭਾਂਡੇ ਵਾਂਗ ਹੁੰਦੇ ਹਨ। ਜੇਕਰ ਮਾਪੇ ਉਨ੍ਹਾਂ ਨੂੰ ਦੁਨਿਆਵੀ ਗਿਆਨ ਦੇ ਨਾਲ-ਨਾਲ ਧਰਮ, ਗੁਰਬਾਣੀ ਅਤੇ ਮਾਂ ਬੋਲੀ ਦੀ ਸੋਝੀ ਵੀ ਦੇਣ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਦੀ ਬਹੁਤ ਹੀ ਗਿਆਨਵਾਨ ਅਤੇ ਨੇਕ ਉਸਾਰੀ ਹੋਵੇਗੀ। ਬੱਚਿਆਂ ਦੇ ਮਾਪਿਆਂ, ਗੁਰਦੁਆਰਾ ਪ੍ਰਬੰਧਕਾਂ ਅਤੇ ਹੋਰ ਜ਼ਿੰਮੇਵਾਰ ਸੰਸਥਾਵਾਂ ਤੇ ਸ਼ਖ਼ਸੀਅਤਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਆਪਣੀ ਮਾਂ ਧਰਤੀ ਨਾਲ ਜੁੜੇ ਰਹਿਣ। ਇਹ ਤਾਂ ਹੀ ਸੰਭਵ ਹੈ ਜੇਕਰ ਉਨ੍ਹਾਂ ਨੂੰ ਮਾਂ ਬੋਲੀ ਨਾਲ ਜੋੜਿਆ ਜਾਵੇ। ਇਸ ਲਈ ਜਿਵੇਂ ਕੀਰਤਨ, ਕਥਾ ਅਤੇ ਹੋਰ ਸਮਾਗਮਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਊੜੇ ਦੀ ਸਮਝ ਅਤੇ ਜੂੜੇ ਦੀ ਸੰਭਾਲ ਸਿੱਖੀ ਦੀ ਮੁੱਢਲੀ ਤਾਲੀਮ ਹੈ। ਜੇਕਰ ਸਾਡੇ ਬੱਚੇ ਗੁਰਮੁਖੀ ਪੰਜਾਬੀ ਸਿੱਖਣਗੇ ਤਾਂ ਉਹ ਸੁਖਾਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਅਤੇ ਸਮਝ ਸਕਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਬਹੁਤ ਤਸੱਲੀ ਮਿਲੀ ਅਤੇ ਪੰਜਾਬੀ ਦੇ ਪੁੱਤਰ ਤੇ ਧੀਆਂ ਆਪਣੀ ਮਾਂ ਬੋਲੀ ਨੂੰ ਮਾਣ ਅਤੇ ਸਤਿਕਾਰ ਨਾਲ ਉਭਾਰਨ ਲਈ ਵਚਨਬੱਧ ਹਨ।

ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲੀਅਰ, ਦ੍ਰਾਮਨ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੇ ਉਨ੍ਹਾਂ ਸਥਾਨਕ ਸਿੱਖ ਸੰਗਤ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆ ਵਿੱਚ ਜਿੱਥੇ ਵੀ ਵੱਸੇ, ਉਨ੍ਹਾਂ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲਿਆ ਅਤੇ ਗੁਰੂ ਘਰ ਸਥਾਪਤ ਕੀਤੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਜੀਵਨ ਜਾਚ ਦੇ ਸੋਮੇ ਹਨ, ਜਿੱਥੇ ਅਸੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੁੜਦੇ ਹਾਂ ਅਤੇ ਸਿੱਖ ਰਵਾਇਤਾਂ ਦੀ ਸੋਝੀ ਵੀ ਸਾਨੂੰ ਗੁਰੂ ਘਰਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਗੁਰੂ ਘਰਾਂ ਵਿੱਚ ਹਫ਼ਤਾਵਾਰੀ ਸੰਗਤ ਦੇ ਇਕੱਠਾਂ ਦੀ ਜੋ ਰਵਾਇਤ ਚੱਲਦੀ ਹੈ, ਉਸ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ। ਇਸ ਨਾਲ ਅਸੀਂ ਗੁਰੂ ਦੀ ਸੰਗਤ ਕਰਨ ਤੋਂ ਇਲਾਵਾ ਇੱਕ-ਦੂਜੇ ਨਾਲ ਜਾਣ-ਪਛਾਣ ਕਰਦੇ ਹਾਂ ਅਤੇ ਇੱਕ-ਦੂਜੇ ਦੇ ਦੁੱਖ-ਸੁੱਖ ਤੋਂ ਵੀ ਜਾਣੂ ਹੁੰਦੇ ਹਾਂ। ਉਨ੍ਹਾਂ ਦ੍ਰਾਮਨ ਦੀ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨਾਲ ਸਮੇਂ-ਸਮੇਂ ’ਤੇ ਪੰਜਾਬ ਆਉਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੇ ਇਸ਼ਨਾਨ ਕਰਨ ਲਈ ਜਾਣ ਦੀ ਪ੍ਰੇਰਣਾ ਦਿੱਤੀ।