ਚੰਡੀਗੜ੍ਹ, 24 ਸਤੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਬੱਚਿਆਂ ਦੀ ਕਲਪਨਾ ਵਿੱਚ ਜੋ ਵਿਕਸਿਤ ਭਾਰਤ ਆਕਾਰ ਲੈਂਦਾ ਹੈ, ਉਹੀ ਆਉਣ ਵਾਲੇ ਸਮੇਂ ਵਿੱਚ ਅਸਲ ਭਾਰਤ ਵਜੋਂ ਸਾਡੇ ਸਾਹਮਣੇ ਆਵੇਗਾ। ਬੱਚਿਆਂ ਦੀ ਪ੍ਰਤਿਭਾ ਨੂੰ ਸਹੀ ਮੰਚ ਅਤੇ ਪ੍ਰੋਤਸਾਹਨ ਦੇ ਕੇ ਉਨ੍ਹਾਂ ਵਿੱਚ ਰਚਨਾਤਮਕਤਾ, ਸੰਸਕਾਰ, ਸੇਵਾ ਭਾਵਨਾ ਅਤੇ ਰਾਸ਼ਟਰ ਨਿਰਮਾਣ ਦਾ ਜਜ਼ਬਾ ਵਿਕਸਿਤ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਕੁਰੂਕਸ਼ੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਨੀਪਲਾ ਵਿੱਚ ਆਯੋਜਿਤ ‘ਸੇਵਾ ਸੰਕਲਪ ਅਭਿਆਨ’ ਅਤੇ ‘ਨਿਪੁਣ ਚਿੱਤਰਕਲਾ ਪ੍ਰਦਰਸ਼ਨੀ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ‘ਮਾਧਵ ਆਡੀਟੋਰੀਅਮ’ ਅਤੇ ਪਰਮ ਪੂਜਨੀਯ ਸ੍ਰੀ ਗੁਰੂ ਜੀ ਦੇ ਭਿੱਤ-ਚਿੱਤਰ ਦਾ ਉਦਘਾਟਨ ਕੀਤਾ ਅਤੇ ਚਿੱਤਰਕਲਾ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਇਸ ਮੌਕੇ ਸਕੂਲ ਕੰਪਲੈਕਸ ਵਿੱਚ ਬੂਟੇ ਵੀ ਲਗਾਏ।
ਇਸ ਮੌਕੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਸਾਬਕਾ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਸ੍ਰੀ ਵਿਸ਼ਰਾਮ ਮੀਣਾ, ਡਾ. ਓਮ ਪ੍ਰਕਾਸ਼ ਅਰੋੜਾ, ਸ੍ਰੀ ਰਤਨ ਚੰਦ ਸਰਦਾਨਾ, ਡਾ. ਪ੍ਰੀਤਮ ਸਿੰਘ ਸਮੇਤ ਸੀਨੀਅਰ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਨੀਪਲਾ ਦੇ ਇਸ ਸਰਕਾਰੀ ਸਕੂਲ ਵਿੱਚ ਸੋਲਰ ਪੈਨਲ ਲਗਾਉਣ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ, ਕਨੀਪਲਾ ਪਿੰਡ ਦੇ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ।
ਸੇਵਾ ਸੰਕਲਪ ਅਭਿਆਨ ਨੇ ਬੱਚਿਆਂ ਨੂੰ ਰਾਸ਼ਟਰ ਸੇਵਾ ਦੀ ਪ੍ਰੇਰਣਾ
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਚੱਲ ਰਹੇ ‘ਸੇਵਾ ਸੰਕਲਪ ਮੁਹਿੰਮ’ ਤਹਿਤ ਆਯੋਜਿਤ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ 17 ਤੋਂ 21 ਸਤੰਬਰ ਤੱਕ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਚਿੱਤਰਕਲਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚੋਂ ਚੁਣੀਆਂ ਗਈਆਂ ਕਲਾਕ੍ਰਿਤੀਆਂ ਨੂੰ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।
ਉਨ੍ਹਾਂ ਪ੍ਰਦਰਸ਼ਨੀ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਹੱਥਾਂ ਵਿੱਚ ਰੰਗ ਹੁੰਦੇ ਹਨ, ਪਰ ਉਨ੍ਹਾਂ ਰੰਗਾਂ ਨੂੰ ਸੁਪਨਿਆਂ ਵਿੱਚ ਬਦਲਣ ਦਾ ਵਿਸ਼ਵਾਸ ਪਰਿਵਾਰ ਅਤੇ ਅਧਿਆਪਕ ਦਿੰਦੇ ਹਨ। ਪ੍ਰਦਰਸ਼ਨੀ ਵਿੱਚ ਸਵੱਛ ਭਾਰਤ, ਆਤਮਨਿਰਭਰ ਭਾਰਤ, ਵਾਤਾਵਰਣ ਸੰਭਾਲ, ਸੇਵਾ ਭਾਵਨਾ ਅਤੇ ਸਾਲ 2047 ਦੇ ਵਿਕਸਿਤ ਭਾਰਤ ਦੀ ਕਲਪਨਾ ਵਰਗੇ ਵਿਸ਼ਿਆਂ ਨੂੰ ਬੱਚਿਆਂ ਨੇ ਆਪਣੀ ਰਚਨਾਤਮਕਤਾ ਰਾਹੀਂ ਪੇਸ਼ ਕੀਤਾ ਹੈ।
25 ਸਾਲਾਂ ਦੀ ਸੇਵਾ ਤੋਂ ਪ੍ਰੇਰਣਾ ਲੈ ਕੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦਾ ਸੱਦਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਸੇਵਾ ਸੰਕਲਪ ਅਭਿਆਨ’ ਸਿਰਫ਼ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਮਾਧਿਅਮ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲਾਂ ਤੋਂ ਪ੍ਰੇਰਣਾ ਲੈਂਦਿਆਂ ਸਾਨੂੰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਅੱਜ ਵਿਗਿਆਨ, ਤਕਨੀਕ ਅਤੇ ਨਵਾਚਾਰ ਦੇ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ। ਦੇਸ਼ ਨੇ ਪੁਲਾੜ ਵਿਗਿਆਨ ਸਮੇਤ ਕਈ ਖੇਤਰਾਂ ਵਿੱਚ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸੁਪਨਿਆਂ ਨੂੰ ਟੀਚਿਆਂ ਵਿੱਚ ਬਦਲਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਲਗਾਤਾਰ ਯਤਨ ਕਰਨ।
ਮਾਧਵ ਆਡੀਟੋਰੀਅਮ ਅਤੇ ਭਿੱਤ-ਚਿੱਤਰ ਨਵੀਂ ਪੀੜ੍ਹੀ ਨੂੰ ਦੇਣਗੇ ਪ੍ਰੇਰਣਾ
ਮੁੱਖ ਮੰਤਰੀ ਨੇ ਕਿਹਾ ਕਿ ਕਨੀਪਲਾ ਦੇ ਇਸ ਸਕੂਲ ਵਿੱਚ ਇੱਕ ਪਾਸੇ ਬੱਚਿਆਂ ਵੱਲੋਂ ਬਣਾਏ ਗਏ ਚਿੱਤਰ ਭਵਿੱਖ ਦੇ ਭਾਰਤ ਦੀ ਕਲਪਨਾ ਨੂੰ ਸਾਹਮਣੇ ਰੱਖਦੇ ਹਨ, ਉੱਥੇ ਹੀ ਦੂਜੇ ਪਾਸੇ ਮਾਧਵ ਆਡੀਟੋਰੀਅਮ ਵਿੱਚ ਪਰਮ ਪੂਜਨੀਯ ਮਾਧਵ ਸਦਾਸ਼ਿਵਰਾਓ ਗੋਲਵਲਕਰ ‘ਸ੍ਰੀ ਗੁਰੂ ਜੀ’ ਦਾ ਭਿੱਤ-ਚਿੱਤਰ ਇਤਿਹਾਸ, ਸੰਸਕਾਰ ਅਤੇ ਕਰਤੱਵ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਸਾਨੂੰ ਜੜ੍ਹਾਂ ਦਿੰਦਾ ਹੈ, ਸਿੱਖਿਆ ਸਾਨੂੰ ਖੰਭ ਦਿੰਦੀ ਹੈ, ਸੰਸਕਾਰ ਸਾਨੂੰ ਦਿਸ਼ਾ ਦਿੰਦੇ ਹਨ ਅਤੇ ਸੁਪਨੇ ਸਾਨੂੰ ਉਡਾਣ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਜੀ ਇੱਕ ਅਸਾਧਾਰਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਰਾਸ਼ਟਰ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗਾ। ਬੱਚਿਆਂ ਨੂੰ ਉਨ੍ਹਾਂ ਦੇ ਜੀਵਨ, ਵਿਚਾਰਾਂ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਤੋਂ ਜਾਣੂ ਕਰਵਾਉਣ ਲਈ ਇਹ ਭਿੱਤ-ਚਿੱਤਰ ਤਿਆਰ ਕੀਤਾ ਗਿਆ ਹੈ। ਇਹ ਪਹਿਲ ਰਾਸ਼ਟਰ ਸੰਸਕ੍ਰਿਤੀ ਅਤੇ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਮਾਧਿਅਮ ਹੋਵੇਗੀ।
ਸਿੱਖਿਆ ਪ੍ਰਣਾਲੀ ਵਿੱਚ ਤਕਨੀਕ, ਨਵਾਚਾਰ ਅਤੇ ਹੁਨਰ 'ਤੇ ਵਿਸ਼ੇਸ਼ ਜ਼ੋਰ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ, ਸਮਾਰਟ ਕਲਾਸਰੂਮ, ਟੈਬਲੇਟ ਵੰਡ ਅਤੇ ਈ-ਲਰਨਿੰਗ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਕੋਡਿੰਗ ਅਤੇ ਡਿਜੀਟਲ ਹੁਨਰ ਨਾਲ ਜੋੜਨ ਦੇ ਨਾਲ-ਨਾਲ ਉੱਚ ਸਿੱਖਿਆ ਵਿੱਚ ਖੋਜ ਅਤੇ ਨਵਾਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਮਾਰਗਦਰਸ਼ਨ ਦੇਣ ਦੇ ਉਦੇਸ਼ ਨਾਲ ‘ਸੁਪਰ-100’ ਅਤੇ ‘ਬੁਨਿਆਦ’ ਵਰਗੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਸੁਪਰ-100 ਦੀਆਂ ਸੀਟਾਂ ਨੂੰ 500 ਤੋਂ ਵਧਾ ਕੇ 600 ਕਰ ਦਿੱਤਾ ਗਿਆ ਹੈ।
ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੌਕਿਆਂ ਲਈ ਤਿਆਰ ਕਰ ਰਿਹਾ ਹੈ ਹਰਿਆਣਾ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਪੂਰੀ ਦੁਨੀਆ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧ ਰਿਹਾ ਹੈ। ਇਸ ਲਈ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੌਕਿਆਂ ਲਈ ਤਿਆਰ ਕਰਨਾ ਵੀ ਜ਼ਰੂਰੀ ਹੈ। ਇਸੇ ਦਿਸ਼ਾ ਵਿੱਚ ਸਰਕਾਰੀ ਸਕੂਲਾਂ ਵਿੱਚ ਫਰਾਂਸੀਸੀ ਭਾਸ਼ਾ ਦੀ ਪੜ੍ਹਾਈ ਸ਼ੁਰੂ ਕੀਤੀ ਗਈ ਹੈ, ਜਦੋਂ ਕਿ ਜਰਮਨ ਭਾਸ਼ਾ ਲਈ ਸਮਝੌਤਾ ਕੀਤਾ ਗਿਆ ਹੈ ਅਤੇ ਜਪਾਨੀ ਅਤੇ ਕੋਰੀਆਈ ਭਾਸ਼ਾਵਾਂ ਦੀ ਪੜ੍ਹਾਈ ਵੀ ਪੜਾਅਵਾਰ ਸ਼ੁਰੂ ਕਰਨ ਦੀ ਤਿਆਰੀ ਹੈ।
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਖੇਡ ਸਹੂਲਤਾਂ ਦੇ ਵਿਕਾਸ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸਾਲ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੇਡ ਮੈਦਾਨਾਂ ਦੇ ਵਿਕਾਸ ਲਈ ਇੱਕ-ਇੱਕ ਲੱਖ ਰੁਪਏ ਉਪਲਬਧ ਕਰਵਾਏ ਗਏ ਹਨ।
ਬੱਚੇ ਆਪਣੀ ਪ੍ਰਤਿਭਾ ਨੂੰ ਅੱਗੇ ਵਧਾਉਣ
ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪ੍ਰਦਰਸ਼ਨੀ ਵਿੱਚ ਦਿਖਾਈ ਦੇ ਰਹੀ ਉਨ੍ਹਾਂ ਦੀ ਕਲਾ ਸਿਰਫ਼ ਕਾਗਜ਼ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਸੇਵਾ ਦਾ ਰੰਗ ਉਨ੍ਹਾਂ ਦੇ ਵਿਵਹਾਰ ਵਿੱਚ, ਸੰਸਕਾਰ ਦਾ ਰੰਗ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ, ਮਿਹਨਤ ਦਾ ਰੰਗ ਉਨ੍ਹਾਂ ਦੀ ਪੜ੍ਹਾਈ ਵਿੱਚ ਅਤੇ ਰਾਸ਼ਟਰ ਪ੍ਰਤੀ ਕਰਤੱਵ ਦਾ ਰੰਗ ਉਨ੍ਹਾਂ ਦੇ ਜੀਵਨ ਵਿੱਚ ਦਿਖਾਈ ਦੇਣਾ ਚਾਹੀਦਾ ਹੈ।
ਉਨ੍ਹਾਂ ‘ਨਿਪੁਣ ਹਰਿਆਣਾ ਜ਼ਿਲ੍ਹਾ ਪੱਧਰੀ ਕਲਾ ਪ੍ਰਦਰਸ਼ਨੀ’ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਨੀਪਲਾ ਸਕੂਲ ਤੋਂ ਨਿਕਲਿਆ ਇਹ ਸੁਨੇਹਾ ਦੂਰ ਤੱਕ ਜਾਵੇਗਾ ਅਤੇ ਬੱਚਿਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਸੂਬੇ ਅਤੇ ਦੇਸ਼ ਦੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਬਣੇਗੀ।
ਗੁਰੂ ਜੀ ਦਾ ਜੀਵਨ ਨੌਜਵਾਨਾਂ ਲਈ ਪ੍ਰੇਰਣਾ ਸਰੋਤ : ਸੁਆਮੀ ਗਿਆਨਾਨੰਦ ਮਹਾਰਾਜ
ਗੀਤਾ ਮਨੀਸ਼ੀ ਸੁਆਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਸ੍ਰੀ ਗੁਰੂ ਜੀ ਦਾ ਭਿੱਤ-ਚਿੱਤਰ ਨਵੀਂ ਪੀੜ੍ਹੀ ਲਈ ਪ੍ਰੇਰਣਾ ਅਤੇ ਸੰਕਲਪ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਨਾਤਨ ਸੰਸਕ੍ਰਿਤੀ, ਗੀਤਾ, ਪਰੰਪਰਾਵਾਂ ਅਤੇ ਜੀਵਨ ਮੁੱਲਾਂ ਦੀਆਂ ਗੱਲਾਂ ਨੂੰ ਰਾਜਨੀਤੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਇਹ ਸਾਡੀ ਸੰਸਕ੍ਰਿਤੀ ਅਤੇ ਜੀਵਨ ਮੁੱਲਾਂ ਨਾਲ ਜੁੜੀਆਂ ਗੱਲਾਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ੍ਰੀ ਗੁਰੂ ਜੀ ਵਰਗੇ ਮਹਾਨ ਵਿਅਕਤਿਤਵਾਂ ਨੂੰ ਆਪਣਾ ਆਦਰਸ਼ ਬਣਾ ਕੇ ਸਮਾਜ ਅਤੇ ਰਾਸ਼ਟਰ ਲਈ ਕੰਮ ਕਰਨ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ। ਉਨ੍ਹਾਂ ਨੇ ਸ੍ਰੀ ਰਤਨ ਚੰਦ ਸਰਦਾਨਾ ਜੀ ਦੀ ਰਚਨਾ ‘ਅਪਨਾ ਮਾਧਵ’ ਲਈ ਸ਼ੁਭਕਾਮਨਾਵਾਂ ਦਿੱਤੀਆਂ।
