ਪਟਿਆਲਾ, 14 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ, ਪਟਿਆਲਾ ਵਿਖੇ ਡਾ. ਪਰਮਜੀਤ ਚੱਢਾ, ਲਾਈਫ ਡਿਜ਼ਾਈਨਰ ਕੋਚ ਵੱਲੋਂ ਮੁਫ਼ਤ ਮੈਡੀਟੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਰਾਹੀਂ ਮਨ ਦੀ ਸ਼ਾਂਤੀ ਅਤੇ ਸਕਾਰਾਤਮਕ ਜੀਵਨ ਸ਼ੈਲੀ ਦਾ ਸੰਦੇਸ਼ ਦਿੱਤਾ ਗਿਆ। ਇਹ ਕੈਂਪ ਐਸੋਸੀਏਸ਼ਨ ਦੇ ਪ੍ਰਧਾਨ ਐਸ.ਪੀ. ਕੌਲ, ਮੀਤ ਪ੍ਰਧਾਨ ਜੇ.ਐਸ. ਮਦਾਨ ਅਤੇ ਸਕੱਤਰ ਮਨਜੀਤ ਕੌਰ ਦੀ ਦੇਖ-ਰੇਖ ਹੇਠ ਲਗਾਇਆ ਗਿਆ, ਜਿਸ ਵਿੱਚ ਲਗਭਗ 250 ਸੀਨੀਅਰ ਨਾਗਰਿਕਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਸੈਸ਼ਨ ਦੌਰਾਨ ਡਾ. ਪਰਮਜੀਤ ਚੱਢਾ ਨੇ ਮੈਡੀਟੇਸ਼ਨ, ਮਨ ਦੀ ਸ਼ਾਂਤੀ, ਸਕਾਰਾਤਮਕ ਸੋਚ ਅਤੇ ਅੰਦਰੂਨੀ ਊਰਜਾ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਮੈਡੀਟੇਸ਼ਨ ਇੱਕ ਅਜਿਹਾ ਸਾਧਨ ਹੈ, ਜਿਸ ਰਾਹੀਂ ਮਨ ਨੂੰ ਸ਼ਾਂਤ ਰੱਖਣ, ਤਣਾਅ ਘਟਾਉਣ ਅਤੇ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।

ਇਸ ਮੌਕੇ ਡਾ. ਪਰਮਜੀਤ ਚੱਢਾ, ਲਾਈਫ ਡਿਜ਼ਾਈਨਰ ਕੋਚ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕਤਾ, ਮਾਨਸਿਕ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸੰਸਥਾਵਾਂ, ਐਸੋਸੀਏਸ਼ਨਾਂ ਜਾਂ ਗਰੁੱਪ ਆਪਣੇ ਮੈਂਬਰਾਂ ਅਤੇ ਸਮਾਜ ਦੇ ਲੋਕਾਂ ਲਈ ਅਜਿਹੇ ਕੈਂਪ ਲਗਵਾਉਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।