ਨਵਾਂਸ਼ਹਿਰ (ਦੇਸ ਰਾਜ ਬਾਲੀ):- ਯੂਕੇ ਵਿੱਚ ਰਹਿ ਰਹੇ ਅਲੀਪੁਰ ਦੇ ਢੇਸੀ ਪਰਿਵਾਰ ਵੱਲੋਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੰਬਰ 2019 ਵਿੱਚ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਦੀ ਸ਼ੁਰੂ ਕੀਤੀ ਗਈ ਸੇਵਾ ਲਗਾਤਾਰ ਜਾਰੀ ਹੈ। ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ, ਨਵਾਂਸ਼ਹਿਰ ਵੱਲੋਂ ਹਰ ਸਾਲ ਕਰਵਾਏ ਜਾਂਦੇ ਮਹਾਨ ਕੀਰਤਨ ਦਰਬਾਰ ਮੌਕੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਦਾ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਹਰ ਸਾਲ ਸੈਂਕੜਿਆਂ ਦੀ ਗਿਣਤੀ ਵਿੱਚ ਲੋੜਵੰਦ ਲੋਕਾਂ ਦੇ ਅੱਖਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਂਦੇ ਹਨ। ਇਸ ਵਾਰ ਇਹ ਕੈਂਪ ਮਹਾਨ ਕੀਰਤਨ ਦਰਬਾਰ ਤੋਂ ਪਹਿਲਾਂ, ਮੰਗਲਵਾਰ 27 ਅਕਤੂਬਰ ਨੂੰ ਮਿਊਂਸਿਪਲ ਪਬਲਿਕ ਪਾਰਕ, ਕਨਾਲ ਰੋਡ, ਨਵਾਂਸ਼ਹਿਰ ਵਿਖੇ ਲਗਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਸੀ ਅਤੇ ਢੇਸੀ ਪਰਿਵਾਰ ਵੱਲੋਂ ਵੀ ਹਰ ਸਾਲ ਇਸ ਮੌਕੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਦੀ ਸੇਵਾ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਯੂਕੇ ਨਿਵਾਸੀ ਸਰਦਾਰ ਸੋਹਣ ਸਿੰਘ ਢੇਸੀ, ਸਵਰਗਵਾਸੀ ਸਰਦਾਰ ਮੋਹਨ ਸਿੰਘ ਢੇਸੀ, ਦੀਦਾਰ ਸਿੰਘ ਢੇਸੀ ਅਤੇ ਬਲਵੀਰ ਸਿੰਘ ਢੇਸੀ ਭਰਾਵਾਂ ਵੱਲੋਂ ਨਵੰਬਰ 2019 ਵਿੱਚ ਪਹਿਲੀ ਵਾਰ ਇਹ ਸੇਵਾ ਸ਼ੁਰੂ ਕੀਤੀ ਗਈ ਸੀ। ਵਾਹਿਗੁਰੂ ਦੀ ਕਿਰਪਾ ਸਦਕਾ ਪਰਿਵਾਰ ਲਗਾਤਾਰ ਹਰ ਸਾਲ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਦੀ ਸੇਵਾ ਕਰਦਾ ਆ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਪਹਿਲੀ ਵਾਰ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਦਫ਼ਤਰ ਦੀ ਬਜਾਏ ਮਿਊਂਸਿਪਲ ਪਬਲਿਕ ਪਾਰਕ ਵਿਖੇ ਨਵੇਂ ਉਸਾਰੇ ਗਏ ਕਮਰਿਆਂ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ 27 ਅਕਤੂਬਰ ਨੂੰ ਸਵੇਰੇ 9:00 ਵਜੇ ਸ਼ੁਰੂ ਹੋਵੇਗਾ। ਇਸੇ ਦਿਨ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅਪਰੇਸ਼ਨ ਲਈ ਯੋਗ ਪਾਏ ਗਏ ਮਰੀਜ਼ਾਂ ਦੇ ਅਪਰੇਸ਼ਨ ਅਗਲੇ ਦਿਨ ਨਵਾਂਸ਼ਹਿਰ ਦੇ ਮਨਦੀਪ ਆਈ ਹਸਪਤਾਲ ਵਿਖੇ ਕੀਤੇ ਜਾਣਗੇ। ਅਪਰੇਸ਼ਨ ਦੀਆਂ ਤਰੀਕਾਂ ਜਾਂਚ ਦੌਰਾਨ ਹੀ ਦਿੱਤੀਆਂ ਜਾਣਗੀਆਂ।

ਉਨ੍ਹਾਂ ਨੇ ਇਲਾਕੇ ਭਰ ਦੇ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਇਸ ਮੌਕੇ ਉੱਤਮ ਸਿੰਘ ਸੇਠੀ, ਹਕੀਕਤ ਸਿੰਘ, ਡਾ. ਭਗਵਾਨ ਸਿੰਘ, ਜਸਵਿੰਦਰ ਸਿੰਘ ਸੈਣੀ, ਬਲਦੇਵ ਸਿੰਘ, ਰਮਨੀਕ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਰਾਮਪਾਲ ਰਾਏ, ਬਖਸ਼ੀਸ਼ ਸਿੰਘ ਸੈਣੀ, ਬਾਬਾ ਗਿਆਨ ਸਿੰਘ ਅਤੇ ਗੁਰਪਾਲ ਸਿੰਘ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।