ਪਟਿਆਲਾ, 31 ਜੁਲਾਈ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਇਕੱਤਰਤਾ ਕਰਕੇ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਯੂਨੀਅਨ ਆਗੂਆਂ ਅਤੇ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਦੇਸ਼ ਪ੍ਰਤੀ ਅਦੁੱਤੀ ਕੁਰਬਾਨੀ ਨੂੰ ਨਮਨ ਕੀਤਾ।
ਇਸ ਮੌਕੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਵਰਕਚਾਰਜ, ਟੈਂਪਰੇਰੀ, ਡੇਲੀਵੇਜ, ਐਡਹਾਕ, ਆਊਟਸੋਰਸ ਅਤੇ ਪਾਰਟ-ਟਾਈਮ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ, ਠੇਕੇਦਾਰੀ ਪ੍ਰਥਾ ਖ਼ਤਮ ਕਰਨ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਵਿਭਾਗਾਂ ਵਿੱਚ ਖਪਾਉਣ ਦੀ ਮੰਗ ਕੀਤੀ ਗਈ।
ਯੂਨੀਅਨ ਆਗੂਆਂ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ, ਸਕੂਲਾਂ ਵਿੱਚ ਕੰਮ ਕਰ ਰਹੇ ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਨੂੰ ਬਹੁਤ ਘੱਟ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਉਨ੍ਹਾਂ ਤੋਂ ਇੱਕ ਤੋਂ ਵੱਧ ਕੰਮ ਲੈ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਹਿੰਗਾਈ ਭੱਤਾ ਜਾਰੀ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਮੇਤ ਹੋਰ ਲੰਬਿਤ ਮੰਗਾਂ ਨੂੰ ਵੀ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 14 ਅਤੇ 15 ਅਗਸਤ ਨੂੰ ਜ਼ਿਲ੍ਹਾ ਸਿਵਲ ਸਰਜਨ ਦਫ਼ਤਰ/ਮਾਤਾ ਕੌਸ਼ਲਿਆ ਹਸਪਤਾਲ ਕੰਪਲੈਕਸ, ਪਟਿਆਲਾ ਵਿਖੇ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ ਜਾਵੇਗੀ, ਜਿਸ ਵਿੱਚ 21 ਆਗੂ ਸ਼ਾਮਲ ਹੋਣਗੇ। ਇਸ ਤੋਂ ਬਾਅਦ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਝੰਡਾ ਮਾਰਚ ਵੀ ਕੱਢਿਆ ਜਾਵੇਗਾ।
ਇਸ ਇਕੱਤਰਤਾ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਗੋਲੂ, ਅਰੁਣ ਕੁਮਾਰ, ਸ਼ਿਵ ਚਰਨ, ਲਖਵੀਰ ਸਿੰਘ, ਸੁਨੀਲ ਦੱਤ, ਗੁਰਦਰਸ਼ਨ ਸਿੰਘ, ਰਾਜੇਸ਼ ਕੁਮਾਰ, ਬਲਵੀਰ ਬਲੀ, ਧਰਮਿੰਦਰ, ਪ੍ਰਕਾਸ਼ ਲੁਬਾਣਾ, ਸਤਿਨਾਰਾਇਣ ਗੋਨੀ, ਮੀਨੂੰ, ਸੁਨੀਤਾ, ਪਰਵਿੰਦਰ, ਸਤਨਾਮ ਸਿੰਘ, ਗੁਰਿੰਦਰ ਸਿੰਘ, ਪ੍ਰੇਮ ਚਾਵਲਾ, ਦਇਆ ਸ਼ੰਕਰ ਅਤੇ ਹੋਰ ਮੈਂਬਰ ਹਾਜ਼ਰ ਸਨ।