ਅੰਮ੍ਰਿਤਸਰ:- ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਪਿਛਲੇ 24 ਘੰਟਿਆਂ ਦੌਰਾਨ ਸਰਹੱਦੀ ਪੱਟੀ ਵਿੱਚ ਤਿੰਨ ਵੱਖ-ਵੱਖ ਕਾਰਵਾਈਆਂ ਕਰਦਿਆਂ ਚਾਰ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 23.5 ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ।

ਪੱਕੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਬੀਐੱਸਐੱਫ ਦੇ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰਦਿਆਂ ਥਾਣਾ ਲੋਪੋਕੇ ਦੀ ਪੁਲੀਸ ਨੇ ਪਿੰਡ ਲੋਧੀ ਗੁੱਜਰ ਦੇ ਵਸਨੀਕ ਸੁਖਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਉਸ ਦੇ ਕਬਜ਼ੇ ਵਿੱਚੋਂ 13 ਕਿਲੋ ਹੈਰੋਇਨ ਅਤੇ ਮੈਗਜ਼ੀਨ ਸਮੇਤ ਇੱਕ ਪਿਸਤੌਲ ਬਰਾਮਦ ਹੋਇਆ। ਇਹ ਨਸ਼ੀਲਾ ਪਦਾਰਥ ਅਤੇ ਪਿਸਤੌਲ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਪੁਲੀਸ ਅਨੁਸਾਰ ਮੁਲਜ਼ਮ ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਅਤੇ ਹਥਿਆਰ ਪ੍ਰਾਪਤ ਕਰਕੇ ਅੱਗੇ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਦਾ ਸੀ। ਪੁਲੀਸ ਅਤੇ ਬੀਐੱਸਐੱਫ ਨੇ ਸੈਦਪੁਰ ਨੇੜੇ ਨਾਕਾ ਲਗਾ ਕੇ ਉਸ ਨੂੰ ਕਾਬੂ ਕੀਤਾ।

ਦੂਜੀ ਕਾਰਵਾਈ ਵਿੱਚ ਘਰਿੰਡਾ ਪੁਲੀਸ ਨੇ ਦੋ ਕਥਿਤ ਨਸ਼ਾ ਤਸਕਰਾਂ ਗੁਰਚਰਨ ਸਿੰਘ ਉਰਫ਼ ਬਖਸ਼ੀਸ਼ ਸਿੰਘ ਅਤੇ ਬਿਕਰਮਜੀਤ ਸਿੰਘ (ਦੋਵੇਂ ਵਾਸੀ ਪਿੰਡ ਪੰਜਵੜ, ਥਾਣਾ ਝਬਾਲ, ਜ਼ਿਲ੍ਹਾ ਤਰਨਤਾਰਨ) ਨੂੰ ਗ੍ਰਿਫ਼ਤਾਰ ਕਰਕੇ 10 ਕਿਲੋ ਹੈਰੋਇਨ ਜ਼ਬਤ ਕੀਤੀ। ਪੁਲੀਸ ਟੀਮ ਸਰਕਾਰੀ ਬਾਗਬਾਨੀ ਨਰਸਰੀ ਨੇੜੇ ਮੌਜੂਦ ਸੀ, ਜਦੋਂ ਉਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਮੋਟਰਸਾਈਕਲ ’ਤੇ ਖੇਪ ਪਹੁੰਚਾਉਣ ਲਈ ਜੀਟੀ ਰੋਡ ਵੱਲ ਜਾ ਰਹੇ ਹਨ। ਇਸ ’ਤੇ ਪੁਲੀਸ ਨੇ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।

ਇੱਕ ਹੋਰ ਘਟਨਾ ਵਿੱਚ ਘਰਿੰਡਾ ਪੁਲੀਸ ਨੇ ਅਟਾਰੀ ਦੇ ਵਾਲਮੀਕਿ ਮੁਹੱਲੇ ਦੇ ਵਸਨੀਕ ਰਾਹੁਲ ਸਿੰਘ ਉਰਫ਼ ਢੋਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਨੇ ਅਟਾਰੀ ਬਾਈਪਾਸ ਨੇੜੇ ਗਸ਼ਤ ਕਰ ਰਹੀ ਪੁਲੀਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜੀਨਸ ਦੀ ਜੇਬ ਵਿੱਚੋਂ ਲਿਫ਼ਾਫ਼ਾ ਸੁੱਟਣ ਲੱਗਾ, ਪਰ ਪੁਲੀਸ ਨੇ ਉਸ ਨੂੰ ਮੌਕੇ ’ਤੇ ਹੀ ਫੜ ਲਿਆ। ਅੰਮ੍ਰਿਤਸਰ ਪੁਲੀਸ ਨੇ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਤਿੰਨ ਵੱਖ-ਵੱਖ ਐੱਫਆਈਆਰ ਦਰਜ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਦੇ ਸਾਥੀਆਂ ਦੀ ਪਛਾਣ ਕਰਨ ਅਤੇ ਪਾਕਿਸਤਾਨੀ ਤਸਕਰਾਂ ਨਾਲ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਜਾਰੀ ਹੈ।