ਨਵਾਂਸ਼ਹਿਰ, 29 ਸਤੰਬਰ:- ਪਿੰਡ ਨੂੰ ਹਰਿਆ-ਭਰਿਆ, ਸੁੰਦਰ, ਸਾਫ਼-ਸੁਥਰਾ, ਸਵੱਛ ਅਤੇ ਨਸ਼ਾ-ਮੁਕਤ ਬਣਾਉਣ ਦੇ ਉਦੇਸ਼ ਨਾਲ ਪਿਛਲੇ ਦਿਨੀਂ ਵਿਧੀਵਤ ਢੰਗ ਨਾਲ ਗਠਿਤ ਕੀਤੀ ਗਈ ਪਿੰਡ ਸੁਧਾਰ ਸਭਾ ਸਲੋਹ ਵੱਲੋਂ ਪਿੰਡ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਜ ਉਸ ਸਮੇਂ ਹੋਰ ਹੁਲਾਰਾ ਮਿਲਿਆ, ਜਦੋਂ ਪਿੰਡ ਦੀ ਟੈਂਕੀ ਪਾਰਕ ਦੇ ਸੁੰਦਰੀਕਰਨ ਪ੍ਰੋਜੈਕਟ ਦਾ ਰਸਮੀ ਉਦਘਾਟਨ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਉਪਰੰਤ ਕੀਤਾ ਗਿਆ।

ਪਿੰਡ ਦੇ ਸੂਝਵਾਨ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਸਰਬਸੰਮਤੀ ਨਾਲ ਕੇਵਲ ਰਾਮ ਸੁੰਡ ਨੂੰ ਪ੍ਰਧਾਨ, ਨੰਬਰਦਾਰ ਹਰਪ੍ਰੀਤ ਬਜਾਜ ਨੂੰ ਵਾਈਸ ਪ੍ਰਧਾਨ, ਤੇਜਿੰਦਰ ਕੁਮਾਰ ਨੂੰ ਸਕੱਤਰ, ਨਰਿੰਦਰ ਰਾਠੌਰ ਨੂੰ ਜੁਆਇੰਟ ਸਕੱਤਰ, ਨਰੇਸ਼ ਭੱਟੀ ਨੂੰ ਖ਼ਜ਼ਾਨਚੀ ਅਤੇ ਰਾਮਜੀ ਦਾਸ ਨੂੰ ਉੱਪ-ਖ਼ਜ਼ਾਨਚੀ ਚੁਣਿਆ ਗਿਆ ਹੈ। ਕਮਲਦੇਵ ਨੂੰ ਸਭਾ ਦਾ ਮੁੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ।

ਟੈਂਕੀ ਪਾਰਕ ਨੂੰ ਇੱਕ ਆਕਰਸ਼ਕ ਅਤੇ ਮਾਡਲ ਪਾਰਕ ਵਜੋਂ ਵਿਕਸਤ ਕਰਨ ਦੇ ਉਦੇਸ਼ ਨਾਲ ਸਭਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸੇਵਾ ਮੁਕਤ ਜੱਜ ਅਤੇ ਸੀਨੀਅਰ ਐਡਵੋਕੇਟ, ਸੁਪਰੀਮ ਕੋਰਟ ਆਫ਼ ਇੰਡੀਆ, ਸ. ਹਰਭਜਨ ਸਿੰਘ ਸਿੱਧੂ ਨੇ ਸਭਾ ਨੂੰ ਇੱਕ ਲੱਖ ਰੁਪਏ ਦਾ ਨਕਦ ਸਹਿਯੋਗ ਪ੍ਰਦਾਨ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਸਭਾ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਜਾਰੀ ਰੱਖਣਗੇ।

ਇਸ ਮੌਕੇ ਪਿੰਡ ਦੀਆਂ ਹੋਰ ਵੀ ਮਾਣਮੱਤੀਆਂ ਸ਼ਖ਼ਸੀਅਤਾਂ ਵੱਲੋਂ ਸਭਾ ਦੀਆਂ ਗਤੀਵਿਧੀਆਂ ਅਤੇ ਹੁਣ ਤੱਕ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਮੌਕੇ ’ਤੇ ਭਰਵਾਂ ਵਿੱਤੀ ਸਹਿਯੋਗ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਸਰਕਾਰੀ ਸਹਾਇਤਾ ਦੇ ਨਾਲ-ਨਾਲ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਸਮਾਜ ਦੇ ਸਮਰੱਥ ਵਰਗਾਂ ਦਾ ਸਾਂਝਾ ਸਹਿਯੋਗ ਬੇਹੱਦ ਮਹੱਤਵਪੂਰਨ ਹੈ।

ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ “ਸਾਡਾ ਪਿੰਡ—ਸਾਡੀ ਜ਼ਿੰਮੇਵਾਰੀ” ਦੀ ਭਾਵਨਾ ਨਾਲ ਪਿੰਡ ਨੂੰ ਸਾਫ਼-ਸੁਥਰਾ, ਹਰਿਆ-ਭਰਿਆ, ਸੁੰਦਰ ਅਤੇ ਨਸ਼ਾ-ਮੁਕਤ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਠੋਸ ਉਪਰਾਲੇ ਕੀਤੇ ਜਾਣਗੇ। ਪਾਰਕ ਵਿੱਚ ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਲਈ ਸੁਵਿਧਾਵਾਂ ਵਿਕਸਤ ਕਰਨ ਦੇ ਨਾਲ-ਨਾਲ ਪਿੰਡ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਸਭਾ ਦੀ ਸਟੇਜ ਦਾ ਸੰਚਾਲਨ ਨਰੇਸ਼ ਭੱਟੀ ਵੱਲੋਂ ਕੀਤਾ ਗਿਆ। ਅੰਤ ਵਿੱਚ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਭੁਪਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ।

ਇਸ ਮੌਕੇ ਸਭਾ ਦੇ ਅਹੁਦੇਦਾਰਾਂ ਤੋਂ ਇਲਾਵਾ ਗੁਰਬਚਨ ਸਿੰਘ ਨਾਗੋਕੇ, ਭੁਪਿੰਦਰ ਸਿੰਘ ਸਿੱਧੂ, ਗੁਰਿੰਦਰ ਸਿੰਘ ਤੂਰ, ਗੁਰਿੰਦਰ ਸਿੰਘ ਗਰੇਵਾਲ, ਗੁਰਦੀਪ ਸੰਧੂ, ਹਰਿੰਦਰ ਸਿੰਘ, ਹਰਜੱਸ ਕੁਮਾਰ, ਚਿਤਸਿਮਰਨ ਗਿੱਲ, ਸਰਬਜੀਤ ਗੰਗੜ, ਸੂਬੇਦਾਰ ਬਲਵਿੰਦਰ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਧਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਬਲਵੀਰ ਸਿੰਘ ਸੋਨੀ, ਤਰਸੇਮ ਲਾਲ ਬਜਾਜ, ਕੁਲਵਿੰਦਰ ਕਿੰਦਾ, ਵਰਿੰਦਰ ਮੋਹਨ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਕੁਲਵਿੰਦਰ ਸੁੰਡ, ਜਗਦੀਸ਼ ਕੁਮਾਰ, ਬਾਲਕ੍ਰਿਸ਼ਨ, ਬਹਾਦਰ ਸਿੰਘ, ਹੁਸਨ ਲਾਲ ਕਰੜੇ, ਸੁਰਿੰਦਰ ਸਿੰਘ, ਸਵਰਨ ਦਾਸ, ਰਾਮਜੀ ਭੱਟੀ, ਚਰਨਜੀਤ, ਯੁਵਰਾਜ, ਸੁਭਾਸ਼ ਗੰਗੜ, ਸੌਦਾਗਰ ਰਾਮ, ਨਿਰਮਲ ਸਿੰਘ, ਅਜੇ ਕੁਮਾਰ ਸੁੰਡ, ਅਮਰਜੀਤ ਅੰਬੀ, ਪ੍ਰੇਮ ਨਾਥ, ਸੱਤਪਾਲ ਮੱਲ, ਮਨਜੀਤ ਸਿੰਘ, ਸੁਸ਼ੀਲ ਕੁਮਾਰ, ਹਰਮੇਸ਼ ਲਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।