ਅੰਬਾਲਾ, 26 ਸਤੰਬਰ:- ਚੁਰਾਸੀ ਦੇ ਕਤਲੇਆਮ ਦੌਰਾਨ ਰਿਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿਲੜ ਵਿੱਚ 2 ਨਵੰਬਰ 1984 ਨੂੰ 32 ਤੋਂ ਵੱਧ ਸਿੱਖ ਪਰਿਵਾਰਾਂ ਅਤੇ ਕਰੀਬ 79 ਸਿੱਖਾਂ ਦੇ ਕਤਲ ਕਾਂਡ ਮਾਮਲੇ ਵਿੱਚ ਸਿੱਖ ਮਰਿਆਦਾ ਅਨੁਸਾਰ ਸ਼ਹੀਦਾਂ ਨਮਿਤ ਅੱਜ ਤੱਕ ਅੰਤਿਮ ਅਰਦਾਸ ਨਹੀਂ ਕੀਤੀ ਗਈ। ਇਸ ਸਬੰਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਹਰਕੇਸ਼ ਸਿੰਘ ਮੌਹੜੀ ਨੇ ਕੁਰੂਕਸ਼ੇਤਰ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਹੋਂਦ ਚਿਲੜ ਦੇ ਉਨ੍ਹਾਂ ਮਾਸੂਮ ਸ਼ਹੀਦਾਂ ਦੀ ਯਾਦ, ਸਨਮਾਨ ਅਤੇ ਅੰਤਿਮ ਅਰਦਾਸ ਅੱਜ ਵੀ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹੈ। ਨਵੰਬਰ 1984 ਵਿੱਚ ਹੋਂਦ-ਚਿਲੜ ਵਿੱਚ ਹੋਈ ਹਿੰਸਾ ਵਿੱਚ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਪਲਬਧ ਰਿਕਾਰਡ ਅਤੇ ਬਾਅਦ ਦੀਆਂ ਜਾਂਚਾਂ ਤੋਂ ਪਤਾ ਚੱਲਦਾ ਹੈ ਕਿ ਇਸ ਘਟਨਾ ਵਿੱਚ 79 ਸਿੱਖ ਮਾਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਘਰਾਂ ਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। 2011 ਵਿੱਚ ਹਰਿਆਣਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਜਸਟਿਸ ਟੀ.ਪੀ. ਗਰਗ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ।
ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਕੇਸ਼ ਸਿੰਘ ਮੌਹੜੀ ਨੇ ਕਿਹਾ ਕਿ ਲਗਭਗ 42 ਸਾਲਾਂ ਤੋਂ ਹੋਂਦ ਚਿਲੜ ਦੇ ਸ਼ਹੀਦਾਂ ਦੀ ਯਾਦ ਵਿੱਚ ਜਿਸ ਤਰ੍ਹਾਂ ਦੀ “ਅੰਤਿਮ ਅਰਦਾਸ” ਅਤੇ ਸਮੂਹਿਕ ਧਾਰਮਿਕ ਸ਼ਰਧਾਂਜਲੀ ਹੋਣੀ ਚਾਹੀਦੀ ਸੀ, ਉਹ ਨਹੀਂ ਕੀਤੀ ਗਈ। ਸਿੱਖ ਭਾਈਚਾਰੇ ਨੇ ਹੁਣ ਇਸ ਸਾਲ 2 ਨਵੰਬਰ ਨੂੰ ਹੋਂਦ-ਚਿੱਲੜ ਵਿਖੇ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਸ਼ਹੀਦਾਂ ਲਈ “ਅੰਤਿਮ ਅਰਦਾਸ” 4 ਨਵੰਬਰ ਨੂੰ ਭੋਗ ਤੋਂ ਬਾਅਦ ਹੋਵੇਗੀ। ਮੌਹੜੀ ਨੇ ਦੁਨੀਆ ਭਰ ਦੇ ਸਿੱਖ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ 2 ਤੋਂ 4 ਨਵੰਬਰ ਤੱਕ ਵੱਡੀ ਗਿਣਤੀ ਵਿੱਚ ਹੋਂਦ-ਚਿੱਲੜ ਪਹੁੰਚਣ, ਅਖੰਡ ਪਾਠ ਸਾਹਿਬ ਸੇਵਾ ਵਿੱਚ ਹਿੱਸਾ ਲੈਣ ਅਤੇ 4 ਨਵੰਬਰ ਨੂੰ “ਅੰਤਿਮ ਅਰਦਾਸ” ਵਿੱਚ ਸ਼ਾਮਲ ਹੋ ਕੇ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼ਹੀਦਾਂ ਪ੍ਰਤੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਹੈ ਕਿ ਪ੍ਰਸ਼ਾਸਨ ਅਖੰਡ ਪਾਠ ਸਾਹਿਬ ਅਤੇ ਅੰਤਿਮ ਅਰਦਾਸ ਦੌਰਾਨ ਸੰਗਤ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ ਅਤੇ ਧਾਰਮਿਕ ਸਮਾਗਮ ਦੇ ਸ਼ਾਂਤੀਪੂਰਨ ਸੰਚਾਲਨ ਲਈ ਜ਼ਰੂਰੀ ਪ੍ਰਬੰਧ ਕਰੇਗਾ।
ਹਰਕੇਸ਼ ਸਿੰਘ ਮੌਹੜੀ ਨੇ ਸਿੱਖ ਭਾਈਚਾਰੇ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤਿੰਨ ਦਿਨਾਂ ਲਈ ਹੋਂਦ-ਚਿੱਲੜ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨਾ ਭਾਈਚਾਰੇ ਦੀ ਜ਼ਿੰਮੇਵਾਰੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਸ਼ਸ਼ੀ ਕੌਰ ਪਾਣੀਪਤ, ਕੁਲਦੀਪ ਸਿੰਘ ਮੁਲਤਾਨੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਗੁਰਜੰਟ ਸਿੰਘ ਖ਼ਾਲਸਾ ਮੌਜੂਦ ਸਨ।
