ਚੰਡੀਗੜ੍ਹ/ਊਨਾ, 4 ਅਕਤੂਬਰ (ਰਾਜਵੀਰ ਚੋਪੜਾ):- ਪ੍ਰੋਵੀਡੈਂਟ ਫੰਡ ਸਬਸਕ੍ਰਾਈਬਰ ਅਤੇ ਸੇਵਾਮੁਕਤ ਕਰਮਚਾਰੀਆਂ ਦੀ ਈਪੀਐਸ-95 ਕੋਆਰਡੀਨੇਸ਼ਨ ਕਮੇਟੀ ਦੀ ਕੌਮੀ ਪੱਧਰ ਦੀ ਮੀਟਿੰਗ ਇੰਸਟੀਚਿਊਟ ਆਫ਼ ਇੰਜੀਨੀਅਰਜ਼, ਸੈਕਟਰ-19 ਏ, ਚੰਡੀਗੜ੍ਹ ਵਿੱਚ ਕਰਵਾਈ ਗਈ। ਮੀਟਿੰਗ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਨੁਮਾਇੰਦਿਆਂ ਅਤੇ ਮੈਂਬਰਾਂ ਨੇ ਭਾਗ ਲਿਆ।
ਇਸ ਮੀਟਿੰਗ ਵਿੱਚ ਐਨਐਫਐਲ ਐਕਸ-ਇੰਪਲੋਈਜ਼ ਵੈਲਫੇਅਰ ਐਸੋਸੀਏਸ਼ਨ ਨਾਲ ਜੁੜੇ ਨੰਗਲ ਅਤੇ ਨਵਾਂ ਨੰਗਲ ਤੋਂ ਸੇਵਾਮੁਕਤ ਕਰਮਚਾਰੀਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਈਪੀਐਸ-95 ਕੋਆਰਡੀਨੇਸ਼ਨ ਕਮੇਟੀ ਦੇ ਕੌਮੀ ਪ੍ਰਧਾਨ ਪ੍ਰਕਾਸ਼ ਯੇਂਡੇ ਅਤੇ ਜਨਰਲ ਸਕੱਤਰ ਪ੍ਰਕਾਸ਼ ਪਾਠਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਦੇ ਹਿੱਤ ਵਿੱਚ ਸੁਪਰੀਮ ਕੋਰਟ ਦੇ 4 ਨਵੰਬਰ 2022 ਦੇ ਦਿੱਤੇ ਫੈਸਲੇ ਦੇ ਬਾਵਜੂਦ ਅਜੇ ਤੱਕ ਹਾਇਰ ਪੈਨਸ਼ਨ ਦਾ ਲਾਭ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਸੇਵਾਮੁਕਤ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ।
ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭੀਮਰਾਓ ਡੋਂਗਰੇ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਹਾਇਰ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਤਾਂ ਸੰਗਠਨ ਵੱਲੋਂ ਮੌਜੂਦਾ ਸਰਕਾਰ ਦੇ ਖਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ ਜਾਵੇਗੀ।
ਇਸ ਮੌਕੇ ਐਨਐਫਐਲ ਐਕਸ-ਇੰਪਲੋਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਈਪੀਐਸ-95 ਕੋਆਰਡੀਨੇਸ਼ਨ ਕਮੇਟੀ ਦੇ ਕੌਮੀ ਸਕੱਤਰ ਐਮ.ਜੀ. ਗੌਰਵ ਅਤੇ ਮੀਤ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਨੇ ਐਲਾਨ ਕੀਤਾ ਕਿ ਹਾਇਰ ਪੈਨਸ਼ਨ ਦੀ ਮੰਗ ਨੂੰ ਲੈ ਕੇ ਆਉਣ ਵਾਲੀ 15 ਦਸੰਬਰ ਨੂੰ ਮੁੱਖ ਪ੍ਰੋਵੀਡੈਂਟ ਫੰਡ ਕਮਿਸ਼ਨਰ, ਨਵੀਂ ਦਿੱਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਪੈਨਸ਼ਨ ਵਿੱਚ ਉਮੀਦ ਅਨੁਸਾਰ ਵਾਧਾ ਅਤੇ ਹਾਇਰ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਮੀਟਿੰਗ ਵਿੱਚ ਨਵਾਂ ਨੰਗਲ ਤੋਂ ਮੀਤ ਪ੍ਰਧਾਨ ਜਗਮੋਹਨ ਸਿੰਘ ਵਾਲੀਆ, ਸੰਗਠਨ ਸਕੱਤਰ ਗੁਰਪ੍ਰੀਤ ਸਿੰਘ ਅਰੋੜਾ, ਕਾਰਜਕਾਰੀ ਮੈਂਬਰ ਹਰੀ ਰਾਮ, ਹਰਿੰਦਰ ਸਿੰਘ, ਸਤਵੀਰ ਸਿੰਘ, ਰਾਜਿੰਦਰ ਪਾਲ ਸਿੰਘ, ਰਤਨ ਚੰਦ, ਰੋਸ਼ਨ ਲਾਲ, ਮਨਜੀਤ ਸਿੰਘ, ਕਰਮ ਸਿੰਘ, ਸੁਰਿੰਦਰ ਕੁਮਾਰ ਗੌਤਮ, ਹਰੀ ਰਾਮ ਸੈਣੀ, ਹਰਚਰਨ ਸਿੰਘ, ਵਿਜੇ ਕੁਮਾਰ, ਆਸ਼ਾ ਰਾਣਾ ਸਮੇਤ ਵੱਡੀ ਗਿਣਤੀ ਵਿੱਚ ਸੇਵਾਮੁਕਤ ਕਰਮਚਾਰੀ ਹਾਜ਼ਰ ਰਹੇ।
