ਅੰਬਾਲਾ, 21 ਅਕਤੂਬਰ (ਆਰ. ਸਿੰਘ):- ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਿੱਖਿਆ ਸ਼ਖ਼ਸੀਅਤ ਨੂੰ ਨਿਖਾਰਦੀ ਹੈ ਅਤੇ ਸਾਨੂੰ ਆਪਣੀਆਂ ਕਦਰਾਂ-ਕੀਮਤਾਂ ਨੂੰ ਜਿਊਂਦਾ ਰੱਖਦਿਆਂ ਨਵੀਂ ਤਕਨਾਲੋਜੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਸਾਡਾ ਦੇਸ਼ ਇੱਕ ਨੌਜਵਾਨ ਭਾਰਤ ਹੈ। ਨੌਜਵਾਨਾਂ ਵਿੱਚ ਅਥਾਹ ਊਰਜਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਊਰਜਾ ਸਕਾਰਾਤਮਕ ਕੰਮਾਂ ਵਿੱਚ ਲਾਉਣੀ ਚਾਹੀਦੀ ਹੈ, ਤਾਂ ਜੋ ਉਹ ਦੇਸ਼ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਣ।

ਅਨਿਲ ਵਿਜ ਨੇ ਇਹ ਵਿਚਾਰ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਜੀਐਮਐਨ ਕਾਲਜ ਵਿਖੇ ਕਰਵਾਏ ਗਏ 49ਵੇਂ ਜ਼ੋਨਲ ਯੁਵਕ ਮੇਲੇ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਨੇ ਕਾਲਜ ਦੀਆਂ ਗਤੀਵਿਧੀਆਂ ਲਈ ਆਪਣੇ ਅਖ਼ਤਿਆਰੀ ਫੰਡ ਵਿੱਚੋਂ 31 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

ਅਨਿਲ ਵਿਜ ਨੇ ਯੁਵਕ ਮੇਲੇ ਦੇ ਆਯੋਜਨ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਗੀਦਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਸ਼ਾਨਦਾਰ ਮੰਚ ਮਿਲਿਆ ਹੈ, ਜੋ ਉਨ੍ਹਾਂ ਨੂੰ ਗੀਤਾਂ, ਨਾਚਾਂ, ਕਵਿਤਾਵਾਂ, ਨਾਟਕਾਂ ਅਤੇ ਸੰਦੇਸ਼ਾਂ ਰਾਹੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਇੱਥੇ ਪੇਸ਼ ਕੀਤੀਆਂ ਜਾਣ ਵਾਲੀਆਂ ਕਲਾਵਾਂ ਲਈ ਵਿਆਪਕ ਅਭਿਆਸ ਕੀਤਾ ਹੈ, ਕਿਉਂਕਿ ਉੱਤਮਤਾ ਹਾਸਲ ਕਰਨ ਲਈ ਉਤਸ਼ਾਹ ਅਤੇ ਕਈ ਰੁਕਾਵਟਾਂ ਨੂੰ ਪਾਰ ਕਰਨ ਦੀ ਪ੍ਰੇਰਣਾ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ, “ਸਫਲਤਾ ਦੋ ਚੀਜ਼ਾਂ ਦਾ ਸੁਮੇਲ ਹੈ: ਇੱਕ ਯੋਗਤਾ ਅਤੇ ਦੂਜਾ ਮੌਕਾ।” ਇਹ ਮੰਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਸਾਬਤ ਕਰਨ ਦਾ ਮੌਕਾ ਦਿੰਦਾ ਹੈ।

ਊਰਜਾ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਹਰ ਖੇਤਰ ਮੁਕਾਬਲੇ ਵਾਲਾ ਹੈ ਅਤੇ ਇਹ ਦੁਨੀਆ ਖ਼ੁਦ ਇੱਕ ਮੁਕਾਬਲਾ ਹੈ। ਮੁਕਾਬਲੇ ਵਿੱਚ ਅੱਗੇ ਵਧਣ ਲਈ ਅਭਿਆਸ ਬਹੁਤ ਜ਼ਰੂਰੀ ਹੈ। ਜਦੋਂ ਕੋਈ ਕਵੀ ਸੁੰਦਰ ਕਵਿਤਾ ਲਿਖਦਾ ਹੈ, ਤਾਂ ਇਸ ਪਿੱਛੇ ਉਸ ਦੀ ਇਕਾਗਰਤਾ ਹੁੰਦੀ ਹੈ। ਇਕਾਗਰਤਾ ਜੀਵਨ ਦੀ ਇੱਕ ਕੀਮਤੀ ਪੂੰਜੀ ਹੈ।

ਊਰਜਾ ਮੰਤਰੀ ਨੇ ਕਿਹਾ ਕਿ ਕਿਸੇ ਵੀ ਮੁਕਾਬਲੇ ਵਿੱਚ ਜਿੱਤਣਾ ਜਾਂ ਹਾਰਨਾ ਮਹੱਤਵਪੂਰਨ ਨਹੀਂ, ਸਗੋਂ ਹਿੱਸਾ ਲੈਣਾ ਮਹੱਤਵਪੂਰਨ ਹੈ। ਜੇਤੂ ਨੂੰ ਕਦੇ ਹੰਕਾਰੀ ਨਹੀਂ ਹੋਣਾ ਚਾਹੀਦਾ ਅਤੇ ਹਾਰਨ ਵਾਲੇ ਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਿੱਖਿਆ ਅਸਲ ਵਿੱਚ ਵਿਅਕਤੀ ਨੂੰ ਇਨਸਾਨ ਬਣਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਆਪਣੇ ਖੇਡਾਂ, ਸਰਹੱਦਾਂ ’ਤੇ ਤਾਇਨਾਤ ਸੈਨਿਕਾਂ ਅਤੇ ਬੰਜਰ ਜ਼ਮੀਨ ਨੂੰ ਉਪਜਾਊ ਬਣਾ ਕੇ ਆਪਣੀ ਮਿਹਨਤ ਤੇ ਤਾਕਤ ਨਾਲ ਫ਼ਸਲਾਂ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਅਜਿਹੇ ਰਾਜ ਵਿੱਚ ਨੌਜਵਾਨਾਂ ਲਈ ਨਵੇਂ ਰਾਹ ਖੋਲ੍ਹੇ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਭਾਸ਼ਾਵਾਂ ਸਿੱਖਣ ਵਿੱਚ ਕੋਈ ਬੁਰਾਈ ਨਹੀਂ ਹੈ। ਚੀਨ, ਇਜ਼ਰਾਈਲ, ਲੰਡਨ, ਰੂਸ, ਫਰਾਂਸ ਅਤੇ ਹੋਰ ਥਾਵਾਂ ਦੀਆਂ ਉਦਾਹਰਨਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਪਰੰਪਰਾਵਾਂ ਅਤੇ ਸਭਿਆਚਾਰ ਨਾਲ ਜੁੜੇ ਰਹਿੰਦਿਆਂ ਅੱਗੇ ਵਧਣਾ ਚਾਹੀਦਾ ਹੈ ਅਤੇ ਮੰਚ ’ਤੇ ਆਪਣੇ ਸਭਿਆਚਾਰ ਦਾ ਪ੍ਰਦਰਸ਼ਨ ਵੀ ਕਰਨਾ ਚਾਹੀਦਾ ਹੈ।

ਇਸ ਮੌਕੇ ਊਰਜਾ ਮੰਤਰੀ ਵਿਜ ਨੇ ਜੀਐਮਐਨ ਕਾਲਜ ਪ੍ਰਬੰਧਕ ਕਮੇਟੀ ਦੇ ਕੰਮ ਦੀ ਸ਼ਲਾਘਾ ਕੀਤੀ। ਜੀਐਮਐਨ ਕਾਲਜ ਅਤੇ ਐਸਡੀ ਕਾਲਜ ਨੂੰ ਹਰਿਆਣਾ ਦੇ ਮੋਹਰੀ ਸਿੱਖਿਆ ਸੰਸਥਾਨ ਦੱਸਦਿਆਂ ਵਿਜ ਨੇ ਕਿਹਾ ਕਿ ਦੋਵੇਂ ਕਾਲਜ ਨਾ ਸਿਰਫ਼ ਸਿੱਖਿਆ ਦੇ ਖੇਤਰ ਵਿੱਚ ਸਗੋਂ ਹੋਰ ਖੇਤਰਾਂ ਵਿੱਚ ਵੀ ਅੱਗੇ ਵਧ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਡਾ. ਵਿਵੇਕ ਚਾਵਲਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਜੀਐਮਐਨ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਗੁਰਦੇਵ ਸਿੰਘ ਅਤੇ ਪ੍ਰਿੰਸੀਪਲ ਡਾ. ਰੋਹਿਤ ਦੱਤ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਮੁੱਖ ਮਹਿਮਾਨ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।