ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਇੱਕ ਵੱਡਾ ਜੱਥਾ ਸ਼ਾਮ ਸੁੰਦਰ ਕਪੂਰ, ਗੁਰਨਾਮ ਸਿੰਘ ਹਾਜ਼ੀਪੁਰ, ਹਰਜਿੰਦਰ ਸੁੰਨੀ, ਪਵਨ ਕੁਮਾਰ ਗੜ੍ਹੀ ਅਤੇ ਬਲਵੰਤ ਰਾਮ ਦੀ ਅਗਵਾਈ ਹੇਠ 10 ਅਕਤੂਬਰ ਦੀ ਸੰਗਰੂਰ ਮਹਾਂ-ਰੈਲੀ ਲਈ ਰਵਾਨਾ ਹੋਇਆ।
ਰਵਾਨਗੀ ਸਮੇਂ ਜੱਥੇ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਲਮੇਲ ਕਮੇਟੀ ਨਾਲ ਪਿਛਲੀ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਹਰ ਮਹੀਨੇ ਦੇ ਪਹਿਲੇ ਹਫ਼ਤੇ ਕਮੇਟੀ ਨਾਲ ਮੀਟਿੰਗ ਕੀਤੀ ਜਾਇਆ ਕਰੇਗੀ। ਪਰ ਆਗੂਆਂ ਦੇ ਦੋਸ਼ਾਂ ਅਨੁਸਾਰ ਮੁੱਖ ਮੰਤਰੀ ਆਪਣੇ ਇਸ ਵਾਅਦੇ ਤੋਂ ਵੀ ਮੁੱਕਰ ਗਏ ਹਨ ਅਤੇ ਉਨ੍ਹਾਂ ਨੇ ਤਾਲਮੇਲ ਕਮੇਟੀ ਨਾਲ ਕੋਈ ਮੀਟਿੰਗ ਨਹੀਂ ਕੀਤੀ, ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੋਰ ਵਧ ਗਿਆ ਹੈ।
ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ (ਡੀ.ਏ.) ਦਾ ਬਣਦਾ ਹੱਕ ਦੇਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਸੰਗਰੂਰ ਮਹਾਂ-ਰੈਲੀ ਭਗਵੰਤ ਮਾਨ ਸਰਕਾਰ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਅਜਿਹਾ ਹੜ੍ਹ ਆਵੇਗਾ, ਜਿਸ ਅੱਗੇ ਸਰਕਾਰ ਟਿਕ ਨਹੀਂ ਸਕੇਗੀ।
ਉਨ੍ਹਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਏ ਅਦਾਲਤੀ ਫ਼ੈਸਲੇ ਨੂੰ ਇੰਨ-ਬਿੰਨ ਲਾਗੂ ਕਰੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ। ਇਨ੍ਹਾਂ ਮੰਗਾਂ ਵਿੱਚ ਸਰਕਾਰ ਦੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨਾ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਤਨਖ਼ਾਹ ਸਕੇਲ ਦੇ ਕੇ ਪੱਕਾ ਕਰਨਾ, 15.1.15 ਅਤੇ 17.07.20 ਦੇ ਪੱਤਰ ਰੱਦ ਕਰਨਾ, ਪੈਨਸ਼ਨਰਾਂ ਲਈ 2.59 ਦਾ ਫਾਰਮੂਲਾ ਲਾਗੂ ਕਰਨਾ, ਮਾਣ-ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਹੇਠ ਲਿਆਉਣਾ ਅਤੇ ਖਾਲੀ ਅਸਾਮੀਆਂ ਰੈਗੂਲਰ ਆਧਾਰ ’ਤੇ ਤੁਰੰਤ ਭਰਨਾ ਸ਼ਾਮਲ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਹਾਲੇ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਜੱਥੇ ਵਿੱਚ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਯੂਨੀਅਨ, ਜੰਗਲਾਤ ਵਰਕਰ ਯੂਨੀਅਨ ਅਤੇ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਆਗੂ ਤੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਸ ਮੌਕੇ ਜਗਦੀਸ਼ ਪੱਖੋਵਾਲ, ਪਵਨ ਕੁਮਾਰ ਗੋਇਲ, ਦਿਲਬਾਗ ਸਿੰਘ, ਰਮੇਸ਼ ਕੁਮਾਰ, ਅਮਨਪ੍ਰੀਤ ਬੇਦੀ, ਰਾਮ ਕੁਮਾਰ, ਜੋਗਿੰਦਰ ਸਿੰਘ, ਲੈਂਬਰ ਸਿੰਘ, ਭਲਭੱਦਰ ਸਿੰਘ, ਗੁਰਨਾਮ ਸਿੰਘ, ਰਾਕੇਸ਼ ਕੁਮਾਰ, ਹਜ਼ੂਰਾ ਸਿੰਘ, ਲਸ਼ਕਰੀ ਰਾਮ, ਹੁਸਨ ਲਾਲ, ਮਨਜੀਤ ਸਿੰਘ ਅਤੇ ਹਰਦੀਪ ਕੁਮਾਰ ਹਾਜ਼ਰ ਸਨ।
