ਪਟਿਆਲਾ, 24 ਨਵੰਬਰ (ਮਨਪ੍ਰੀਤ ਸਿੰਘ):- 24 ਨਵੰਬਰ 2026 ਨੂੰ ਆਈ.ਡੀ.ਐਲ. ਗੈਸ ਏਜੰਸੀ ਵਿਖੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਸੁਨਿਆਰਹੇੜੀ ਅਤੇ ਵਿੱਤ ਸਕੱਤਰ ਅਵਤਾਰ ਸਿੰਘ ਨੰਦਪੁਰ ਕੇਸ਼ੋ ਦੀ ਨਿਗਰਾਨੀ ਹੇਠ ਵੱਡੀ ਗਿਣਤੀ ਵਿੱਚ ਵਰਕਰ ਇਕੱਠੇ ਹੋਏ। ਮੀਟਿੰਗ ਦੀ ਪ੍ਰਧਾਨਗੀ ਏਜੰਸੀ ਦੇ ਪ੍ਰਧਾਨ ਜਰਨੈਲ ਸਿੰਘ ਪਪਰਾਲਾ ਨੇ ਕੀਤੀ।

ਇਸ ਤੋਂ ਇਲਾਵਾ ਪਟਿਆਲਾ ਦੀਆਂ ਵੱਖ-ਵੱਖ ਗੈਸ ਏਜੰਸੀਆਂ ਦੇ ਆਗੂ ਧੀਰਜ ਕੁਮਾਰ, ਸ਼ਾਮਦਰ ਮਿਸ਼ਰਾ, ਮਨਜੀਤ ਸਿੰਘ, ਕੇਸਰ ਸਿੰਘ, ਜਸਬੀਰ ਸਿੰਘ ਜੱਸੀ ਅਤੇ ਕੁਲਦੀਪ ਮਿਸ਼ਰਾ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਨਾਭੇ ਤੋਂ ਰਘੁਬੀਰ ਸਿੰਘ, ਕਰਮਜੀਤ ਸਿੰਘ, ਸ਼ਾਮ ਸਿੰਘ ਸੰਨੀ ਅਤੇ ਹੋਰ ਸਰਗਰਮ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।

ਮੀਟਿੰਗ ਵਿੱਚ ਸੁਰਿੰਦਰਾ ਗੈਸ ਸਰਵਿਸ ਵਿਖੇ ਕਥਿਤ ਤੌਰ ’ਤੇ ਜ਼ੁਬਾਨੀ ਤੌਰ ’ਤੇ ਕੰਮ ਤੋਂ ਕੱਢੇ ਗਏ ਵਰਕਰਾਂ ਦੀ ਬਹਾਲੀ ਲਈ ਚਲਾਏ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕਰਨ ਵਾਸਤੇ ਅਗਲੇ ਪੜਾਅ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪ੍ਰਣ ਕੀਤਾ ਗਿਆ ਕਿ ਜਦੋਂ ਤੱਕ ਏਜੰਸੀ ਮਾਲਕ ਵੱਲੋਂ ਵਰਕਰਾਂ ਨੂੰ ਮੁੜ ਕੰਮ ’ਤੇ ਹਾਜ਼ਰ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਗੈਸ ਏਜੰਸੀ ਮਾਲਕਾਂ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਇਕਜੁੱਟ ਹੋ ਕੇ ਤਿੱਖਾ ਸੰਘਰਸ਼ ਕਰਨ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਕੀਤੀ ਗਈ।