ਡੇਰਾ ਬੱਸੀ:- ਇਲੈਕਟੋਰਲ ਲਿਟਰੇਸੀ ਕਲੱਬਾਂ (ਈ.ਐਲ.ਸੀ.) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁਬਾਰਕਪੁਰ ਅਤੇ ਸ੍ਰੀ ਸੁਖਮਨੀ ਗਰੁੱਪ ਆਫ਼ ਕਾਲਜਿਜ਼, ਡੇਰਾ ਬੱਸੀ ਵਿਖੇ ਹਲਕਾ ਪੱਧਰੀ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ, ਵੋਟਰ ਰਜਿਸਟ੍ਰੇਸ਼ਨ ਅਤੇ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਸੀ।

ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋਫੈਸਰ ਗੁਰਬਖਸ਼ਿਸ਼ ਸਿੰਘ ਅੰਟਾਲ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਅਮਿਤ ਗੁਪਤਾ ਮੌਜੂਦ ਰਹੇ। ਸਕੂਲ ਪ੍ਰਿੰਸੀਪਲ ਰੂਮਾ ਰਾਣੀ ਅਤੇ ਪ੍ਰਦੀਪ ਸ਼ਰਮਾ ਦੀ ਅਗਵਾਈ ਹੇਠ ਇਹ ਮੁਕਾਬਲੇ ਕਰਵਾਏ ਗਏ।

ਕੁਇਜ਼ ਮੁਕਾਬਲੇ ਵਿੱਚ ਕੁੱਲ 10 ਟੀਮਾਂ ਨੇ ਭਾਗ ਲਿਆ, ਜਦਕਿ ਲੇਖ ਲਿਖਣ ਮੁਕਾਬਲੇ ਵਿੱਚ 10 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਚੁਣੀਆਂ ਗਈਆਂ ਟੀਮਾਂ ਅਤੇ ਪ੍ਰਤੀਯੋਗੀ ਮੋਹਾਲੀ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਲਕੇ ਦੀ ਨੁਮਾਇੰਦਗੀ ਕਰਨਗੇ।

ਮੁਕਾਬਲਿਆਂ ਦੌਰਾਨ ਵੋਟਰ ਰਜਿਸਟ੍ਰੇਸ਼ਨ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਖ਼ਾਸ ਤੌਰ ’ਤੇ 1 ਜਨਵਰੀ, 2027 ਨੂੰ ਵੋਟਰ ਰਜਿਸਟ੍ਰੇਸ਼ਨ ਲਈ ਅਹਰਤਾ ਮਿਤੀ ਵਜੋਂ ਧਿਆਨ ਵਿੱਚ ਰੱਖਦਿਆਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਅਗਲੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਅਤੇ ਸਕੂਲ ਆਫ਼ ਐਮੀਨੈਂਸ, ਖਰੜ ਵਿਖੇ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰੀ ਫਾਈਨਲ ਮੁਕਾਬਲਾ 19 ਨਵੰਬਰ ਨੂੰ ਹੋਵੇਗਾ।