ਹੁਸ਼ਿਆਰਪੁਰ- ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਵੱਲੋਂ ਬਲਾਕ ਪੀ.ਐਚ.ਸੀ. ਪਾਲਦੀ, ਪੋਸੀ ਅਤੇ ਸੀ.ਐਚ.ਸੀ. ਬੀਣੇਵਾਲ ਦਾ ਵਿਜ਼ਿਟ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਡਾ. ਰਣਜੀਤ ਸਿੰਘ ਨੇ ਪਾਲਦੀ ਬਲਾਕ ਵਿੱਚ ਡਿਲਿਵਰੀ ਸਟੇਟਸ, ਐਂਟੀਨੇਟਲ ਕੇਅਰ (ANC), ਲਿੰਗ ਅਨੁਪਾਤ (Sex Ratio) ਅਤੇ ਹੋਰ MCH (Maternal and Child Health) ਸੇਵਾਵਾਂ ਦੀ ਪੜਤਾਲ ਕੀਤੀ। ਉਨ੍ਹਾਂ ਨੇ ਡਿਲਿਵਰੀ ਰੂਮ ਦੀ ਵੀ ਜਾਂਚ ਕੀਤੀ ਅਤੇ ਸਾਫ਼-ਸੁਥਰਾਈ, ਉਪਲਬਧ ਸਟਾਫ਼, ਜਰੂਰੀ ਉਪਕਰਣਾਂ ਅਤੇ ਦਵਾਈਆਂ ਦੀ ਉਪਲਬਧਤਾ ਦੀ ਸਮੀਖਿਆ ਕੀਤੀ।
ਪੋਸੀ ਬਲਾਕ ਵਿੱਚ ਡਾ.ਰਣਜੀਤ ਸਿੰਘ ਨੇ ਡਿਲਿਵਰੀ ਰੂਮ ਦਾ ਨਿਰੀਖਣ ਕੀਤਾ ਅਤੇ ਐਂਟੀਨੇਟਲ ਰਜਿਸਟ੍ਰੇਸ਼ਨ, ਘੱਟ ਲਿੰਗ ਅਨੁਪਾਤ (Skewed Sex Ratio) ਅਤੇ ਇਸਦੀ ਪਿੰਡ-ਵਾਈਜ਼ ਰਿਪੋਰਟਿੰਗ ਕਰਨ ਅਤੇ ਸਰਵੇਖਣ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਹਦਾਇਤ ਦਿੱਤੀ ਕਿ ਹਰ ਗਰਭਵਤੀ ਔਰਤ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਹੋਵੇ ਅਤੇ ਉਨ੍ਹਾਂ ਦੀ ANC ਜਾਂਚਾਂ ਸਮੇਂ ’ਤੇ ਕੀਤੀਆਂ ਜਾਣ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ PPH (Post-Partum Hemorrhage) ਪ੍ਰਬੰਧਨ ਪ੍ਰੋਟੋਕਾਲਾਂ ਅਨੁਸਾਰ ਹਰ ਲੇਬਰ ਰੂਮ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ। ਇਸ ਲਈ ਸਾਰੇ ਜਰੂਰੀ ਉਪਕਰਣਾਂ, ਦਵਾਈਆਂ ਅਤੇ ਸਿਖਲਾਈ ਪ੍ਰਾਪਤ ਸਟਾਫ਼ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ।
ਡਾ. ਰਣਜੀਤ ਸਿੰਘ ਨੇ ਸੀ.ਐਚ.ਸੀ. ਬੀਣੇਵਾਲ ਦੀ ਵੀ ਜਾਂਚ ਕੀਤੀ ਅਤੇ ਮਾਂ ਤੇ ਬਾਲ ਸਿਹਤ ਸੇਵਾਵਾਂ ਦੇ ਸੁਚਾਰੂ ਚਲਾਣ ਲਈ ਵਿਭਿੰਨ ਰਿਕਾਰਡ, ਲੇਬਰ ਰੂਮ ਦੀ ਸਫਾਈ, ਦਵਾਈਆਂ ਦੇ ਸਟਾਕ ਅਤੇ ਡਿਊਟੀ ਰੋਸਟਰ ਦੀ ਜਾਂਚ ਕੀਤੀ। ਉਨ੍ਹਾਂ ਨੇ ਸਮੇਂ-ਸਮੇਂ ਤੇ ਡਾਟਾ ਅੱਪਡੇਟ ਕਰਨ ਅਤੇ ਸਾਰੇ ਮਾਮਲਿਆਂ ਦੀ ਵਿਸਥਾਰਪੂਰਵਕ ਰਿਪੋਰਟ ਜਿਲ੍ਹਾ ਦਫਤਰ ਨੂੰ ਭੇਜਣ ਲਈ ਕਿਹਾ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਾਂ ਅਤੇ ਬਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਹਰ ਪੱਧਰ ’ਤੇ ਨਿਗਰਾਨੀ ਤੇ ਮੋਨੀਟਰਿੰਗ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਵੱਲੋਂ ਵੀ ਗਰਭਵਤੀ ਔਰਤਾਂ ਦੀ ਸੰਭਾਲ, ਸੁਰੱਖਿਅਤ ਡਿਲਿਵਰੀਆਂ ਅਤੇ ਨਵਜਾਤ ਬੱਚਿਆਂ ਦੀ ਸੰਭਾਲ ਸਬੰਧੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਡਾ. ਰਣਜੀਤ ਸਿੰਘ ਨੇ ਅੰਤ ਵਿੱਚ ਕਿਹਾ ਕਿ ਸਿਹਤ ਕੇਂਦਰਾਂ ਦੀ ਸਫਾਈ, ਜ਼ਰੂਰੀ ਸਹੂਲਤਾਂ ਦੀ ਉਪਲਬਧਤਾ ਅਤੇ ਸਹੀ ਰਿਕਾਰਡ ਰੱਖਣ ਨਾਲ ਹੀ ਸਿਹਤ ਸੇਵਾਵਾਂ ਦੀ ਗੁਣਵੱਤਾ ਵਧਾਈ ਜਾ ਸਕਦੀ ਹੈ। ਸਾਰੇ ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਣਜੀਤ ਸਿੰਘ ਵੱਲੋਂ ਬਲਾਕ ਪੀਐਚਸੀ ਪਾਲਦੀ ਪੋਸੀ ਅਤੇ ਸੀਐਚਸੀ ਬੀਣੇਵਾਲ ਦਾ ਵਿਜ਼ਿਟ ਕੀਤਾ ਗਿਆ
