ਨਵਾਂਸ਼ਹਿਰ, 18 ਮਾਰਚ- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਅੰਮਿਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਚਾਰ ਦਿਨਾਂ ਸਮਾਗਮਾਂ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ ਤਾਂ ਕਿ ਲੱਖਾਂ ਦੀ ਤਾਦਾਦ 'ਚ ਇਕੱਤਰ ਹੋ ਰਹੀਆਂ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਪੇਸ਼ ਆ ਸਕੇ | ਇਹ ਵਿਚਾਰ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਅੱਜ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਪ੍ਰਗਟ ਕੀਤੇ |
ਉਨ੍ਹਾਂ ਆਖਿਆ ਕਿ ਅਪ੍ਰੈਲ ਮਹੀਨੇ 'ਚ ਮਨਾਏ ਜਾਣ ਵਾਲੇ ਪ੍ਰੋਗਰਾਮ 11 ਨੂੰ ਮਹਾਤਮਾ ਜੋਤੀ ਰਾਓ ਫੂਲੇ ਜੀ ਦਾ ਜਨਮ ਦਿਨ, 12-13 ਨੂੰ ਅੰਮਿ੍ਤਧਾਰਾ ਪ੍ਰਗਟ ਦਿਵਸ ਅਤੇ 14 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਸਬੰਧੀ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਹੋਇਆਂ ਇਹ ਕਾਰਜ ਆਰੰਭ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ 'ਚ ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵਲੋਂ ਟਿਊਬਵੈੱਲ ਚਾਲੂ ਕਰ ਦਿੱਤਾ ਗਿਆ ਹੈ ਅਤੇ ਪਾਣੀ ਵਾਲੀ ਟੈਂਕੀ ਦਾ ਕਾਰਜ ਵੀ ਮੁਕੰਮਲ ਕੀਤਾ ਜਾ ਚੁੱਕਾ ਹੈ |
ਉਨ੍ਹਾਂ ਦੱਸਿਆ ਕਿ ਚਰਨਗੰਗਾ ਨੂੰ ਜਾਂਦੇ ਮੁੱਖ ਰਸਤੇ ਤੇ ਪੀਣ ਵਾਲੇ ਪਾਣੀ ਲਈ ਬੀਤੇ ਕੱਲ੍ਹ ਤੋਂ ਪਾਈਪ ਲਾਈਨ ਵਿਛਾਉਂਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਕੇਂਦਰੀ ਕਮੇਟੀ ਦੇ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ, ਕੇਂਦਰੀ ਪ੍ਰਧਾਨ ਸ੍ਰੀ ਐਲ ਆਰ ਵਿਰਦੀ ਅਤੇ ਵਾਈਸ ਪ੍ਰਧਾਨ ਦਲਵੀਰ ਰਾਜੂ ਗੜ੍ਹਸ਼ੰਕਰ ਦੀ ਅਗਵਾਈ 'ਚ ਸਾਰੇ ਕਾਰਜ ਇਕ ਇਕ ਕਰਕੇ ਮੁਕੰਮਲ ਕੀਤੇ ਜਾ ਰਹੇ ਹਨ |
ਇਸੇ ਤਰਾਂ ਉਕਤ ਚਾਰ ਦਿਨਾਂ ਸਮਾਗਮ ਲਈ ਸੰਗਤਾਂ ਦੇ ਬੈਠਣ, ਆਰਾਮ ਕਰਨ ਲਈ ਅਤੇ ਮੀਂਹ ਕਣੀ ਤੋਂ ਬਚਾਅ ਵਾਲੇ ਸਟੇਜ ਵਾਲੇ ਪਾਸੇ ਬਣਾਈ ਜਾ ਰਹੀ ਸੌ ਵਾਈ 65 ਫੁੱਟ ਸ਼ੈੱਡ ਲਈ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਹੜੀ ਕਿ ਸਮਾਗਮ ਦੇ ਦਿਨਾਂ ਤੋਂ ਪਹਿਲੇ ਹੀ ਤਿਆਰ ਕਰ ਦਿੱਤੀ ਜਾਵੇਗੀ | ਅੱਜ ਇਸ ਮੌਕੇ ਤੇ ਉਨ੍ਹਾਂ ਨਾਲ ਗੁਰੂ ਘਰ ਦੇ ਪਾਠੀ ਸੰਤ ਗਿਰਧਾਰੀ ਲਾਲ, ਬਾਬਾ ਦਿਆਲ ਚੰਦ ਬੰਗਾ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਮੁੱਖ ਕੈਸ਼ੀਅਰ ਸੰਤ ਕਰਮ ਚੰਦ, ਸਹਾਇਕ ਕੈਸ਼ੀਅਰ ਮਨਜੀਤ ਮੁੱਗੋਵਾਲ, ਜਗਦੀਸ਼ ਕੁਮਾਰ, ਸੰਗਤਾਂ 'ਚ ਰਿੰਕੂ ਬੰਗਾ, ਦਵਿੰਦਰ ਕੁਮਾਰ, ਜਪਨੀਤ ਮਹੇ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ |
ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ੍ਹ ਵਿਖੇ ਸੰਗਤਾਂ ਨੂੰ ਹੁਣ ਨਹੀਂ ਆਵੇਗੀ ਪੀਣ ਵਾਲੇ ਪਾਣੀ ਦੀ ਸਮੱਸਿਆਪ੍ਰਧਾਨ ਸੁਰਿੰਦਰ ਦਾਸ
