ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ.) ਵੱਲੋਂ ਤਿਆਰ ਕੀਤੇ ਨੈਕਸਟਜੈਨ ਡਾਈਸ ਪੋਰਟਲ ਬਾਰੇ ਅੱਜ ਸਥਾਨਕ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਦੌਰਾਨ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜ਼ਿਲ੍ਹੇ ਦੇ ਸਬੰਧਤ ਵਿਭਾਗਾਂ ਨੂੰ 21 ਅਕਤੂਬਰ ਤੱਕ ਸਟਾਫ਼ ਦਾ ਵੇਰਵਾ ਪੋਰਟਲ 'ਤੇ ਅਪਲੋਡ ਕਰਨ ਲਈ ਕਿਹਾ ਗਿਆ।
ਸਿਖਲਾਈ ਦੌਰਾਨ ਮਾਹਿਰਾਂ ਵੱਲੋਂ ਐਨ.ਆਈ.ਸੀ. ਵੱਲੋਂ ਤਿਆਰ ਕੀਤੇ ਨੈਕਸਟਜੈਨ ਡਾਈਸ ਵੈੱਬ ਪੋਰਟਲ ਰਾਹੀਂ ਚੋਣ ਅਮਲੇ ਦਾ ਡਾਟਾ ਅਪਲੋਡ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਰਿੰਕੀ ਅਤੇ ਚੋਣ ਤਹਿਸੀਲਦਾਰ ਰਮਣਦੀਪ ਕੌਰ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਪੋਰਟਲ 'ਤੇ ਡਾਟਾ ਦਰਜ ਕਰਨ ਤੋਂ ਬਾਅਦ ਚੋਣ ਅਮਲੇ ਦੀ ਰੈਂਡਮਾਈਜ਼ੇਸ਼ਨ ਪੋਰਟਲ ਰਾਹੀਂ ਕੀਤੀ ਜਾਵੇਗੀ ਅਤੇ ਚੋਣ ਅਮਲੇ ਨੂੰ ਰਿਹਰਸਲ, ਸਿਖਲਾਈ ਅਤੇ ਚੋਣ ਡਿਊਟੀ ਬਾਰੇ ਸਮੇਂ-ਸਮੇਂ 'ਤੇ ਸੂਚਿਤ ਕੀਤਾ ਜਾਵੇਗਾ।
ਚੋਣ ਤਹਿਸੀਲਦਾਰ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਐਨ.ਆਈ.ਸੀ. ਨੂੰ ਪੋਰਟਲ ਰਾਹੀਂ ਸਮੁੱਚਾ ਡਾਟਾ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਚੋਣ ਅਮਲੇ ਨਾਲ ਸਬੰਧਤ ਪ੍ਰਕਿਰਿਆਵਾਂ ਨੂੰ ਸਮੇਂ-ਸਮੇਂ 'ਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਵੈੱਬ ਪੋਰਟਲ ਰਾਹੀਂ ਚੋਣ ਅਮਲੇ ਨਾਲ ਸਬੰਧਤ ਪੂਰੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ, ਜਿਸ ਵਿੱਚ ਡਿਊਟੀਆਂ ਲਗਾਉਣਾ, ਰੈਂਡਮਾਈਜ਼ੇਸ਼ਨ, ਵੋਟਾਂ ਦੀ ਗਿਣਤੀ ਲਈ ਟੀਮਾਂ ਤਾਇਨਾਤ ਕਰਨਾ, ਮਾਈਕ੍ਰੋ ਆਬਜ਼ਰਵਰਾਂ ਦੀ ਤਾਇਨਾਤੀ, ਡਿਊਟੀ ਆਰਡਰ ਤਿਆਰ ਕਰਨਾ, ਹਾਜ਼ਰੀ ਰਿਪੋਰਟ, ਫੋਟੋ ਆਈ.ਡੀ. ਤਿਆਰ ਕਰਨਾ ਆਦਿ ਸ਼ਾਮਲ ਹਨ।
ਰਮਣਦੀਪ ਕੌਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਐਨ.ਆਈ.ਸੀ. ਦੇ ਪੋਰਟਲ 'ਤੇ ਨਿਰਧਾਰਤ ਸਮਾਂ ਸੀਮਾ 21 ਅਕਤੂਬਰ ਤੱਕ ਆਪਣੇ ਸਟਾਫ਼ ਦਾ ਵੇਰਵਾ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ।
