ਨਵਾਂ ਸ਼ਹਿਰ, 30 ਸਤੰਬਰ:- ਅੱਜ ਇੱਥੇ ਸੀ ਪੀ ਆਈ (ਐਮ) ਤਹਿਸੀਲ ਨਵਾਂ ਸ਼ਹਿਰ ਕਮੇਟੀ ਦੇ ਸੱਦੇ ਤੇ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਸੀ ਪੀ ਆਈ (ਐਮ) ਦੀ ਸੂਬਾ ਕਮੇਟੀ ਵੱਲੋਂ ਪੂਰੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਐਮ ਐੱਲ ਏ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਲੋਕਾਂ ਦੀਆਂ ਭੱਖਦੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਅੱਜ ਸਥਾਨਕ ਤਹਿਸੀਲ ਪੱਧਰੀ, ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਨੂੰ ਮੰਗ ਪੱਤਰ ਦੇਣ ਵਾਸਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤ ਪੁਰ ਨੇ ਦੱਸਿਆ ਕਿ ਚਾਰ ਲੇਬਰ ਕੋਡ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਨ ਉਨਾ ਕੋਡਾਂ ਨੂੰ ਰੱਦ ਕਰਵਾਉਣ ਲਈ, ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ, ਵੀ ਬੀ ਜੀ ਰਾਮ ਜੀ ਕਾਨੂੰਨ ਰੱਦ ਕਰਨ ਲਈ, ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਜਾਣ, ਐਮ ਐਸ਼ ਪੀ ਸਾਰੀਆਂ ਫ਼ਸਲਾਂ ਤੇ ਲਾਗੂ ਕਰਨ ਲਈ ਕਾਨੂੰਨ ਬਣਾਉਣ ਲਈ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ, ਔਰਤਾਂ, ਵਿਧਵਾਂ, ਬੁਢਾਪਾ ਅਤੇ ਅੰਗਹੀਣ ਪੈਨਸ਼ਨ 10000/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਨਸ਼ਿਆਂ ਦੇ ਘਰ-ਪਹੁੰਚਣ ਨੂੰ ਰੋਕਣ ਲਈ ਸਖ਼ਤ ਕਾਨੂੰਨ ਦੀ ਲੋੜ ਹੈ, ਕਾਨੂੰਨ ਦੀ ਮਾੜੀ ਸਥਿਤੀ ਨੂੰ ਸੁਧਾਰਿਆ ਜਾਵੇ, ਮੁਕਤ ਵਪਾਰ ਸੰਧੀ ਅਮਰੀਕਾ ਜਾਂ ਦੂਜੇ ਦੇਸ਼ਾਂ ਨਾਲ ਕਰਦੇ ਸਮੇਂ ਦੇਸ਼ ਦੇ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸੰਧੀ ਤੇ ਦਸਤਖਤ ਨਾ ਕੀਤੇ ਜਾਣ, ਚੰਡੀਗੜ੍ਹ ਪੰਜਾਬ ਨੂੰ ਤਬਦੀਲ ਕੀਤਾ ਜਾਵੇ, ਵੱਧ ਰਹੀ ਮਹਿਗਾਈ ਨੂੰ ਰੋਕਿਆ ਜਾਵੇ।
ਇਹ ਸਾਰੀਆਂ ਮੰਗਾਂ ਤੋਂ ਇਲਾਵਾ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਰਹੋਂ-ਮੱਤੇਵਾੜਾ ਸੜਕ ਜੋ ਕਿ ਓਵਰਲੋਡ ਟਿੱਪਰਾਂ ਅਤੇ ਟਰਾਲਿਆ ਕਾਰਨ ਬਿਲਕੁਲ ਟੁੱਟ ਚੁੱਕੀ ਹੈ, ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਕਿਉਂਕਿ ਆਣ ਵਾਲੇ ਝੋਨੇ ਅਤੇ ਗੰਨੇ ਦੇ ਸੀਜਨ ਵਿੱਚ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆਵੇਗੀ, ਆਪਣੇ ਫੰਡ ਨਾਲ ਚੱਲਣ ਵਾਲੀਆਂ ਸੁਸਾਇਟੀਆਂ ਦੇ ਰਹਿਦੇ ਕਰਜ਼ੇ ਮਾਫ਼ ਕਰਨ ਲਈ ਪੰਜਾਬ ਸਰਕਾਰ ਨੂੰ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਲਈ।
ਨਾਜਾਇਜ਼ ਮਾਈਨਿੰਗ ਕਰਨ ਵਾਲੇ ਓਵਰਲੋਡ ਟਿੱਪਰਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਬਿਜਲੀ ਦੇ ਵੱਧ ਬਿੱਲ ਆਣ ਕਾਰਨ ਗਰੀਬ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਘਰਾਂ ਦੇ ਬਿਜਲੀ ਬਿੱਲ ਤੁਰੰਤ ਮੁਆਫ਼ ਕੀਤੇ ਜਾਣ। ਇਸ ਮੌਕੇ ਹੇਠ ਲਿਖੇ ਆਗੂ ਅਤੇ ਪਤਵੰਤੇ ਸੱਜਣਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
