ਅੰਬਾਲਾ, 27 ਜੁਲਾਈ:- ਯੁਕਰੇਨ ਦੀ ਓਡੇਸਾ ਬੰਦਰਗਾਹ ਦੇ ਕੋਲ ਮਾਲਵਾਹਕ ਜਹਾਜ਼ ਤੇ ਹੋਏ ਰੂਸੀ ਮਿਜ਼ਾਈਲ ਹਮਲੇ ਵਿਚ ਮਾਰੇ ਗਏ ਚਾਰ ਭਾਰਤੀਆਂ ਵਿਚੋਂ ਇਕ ਗੁਰਪ੍ਰੀਤ ਸਿੰਘ ਪੁੱਤਰ ਕੀਰਤਨ ਸਿੰਘ ਵਾਸੀ ਪਿੰਡ ਪੰਜੇਟੋਂ ਦੀ ਲਾਸ਼ ਭਾਰਤ ਲਿਆਉਣ ਲਈ ਅੱਜ ਇਕ ਸਿੱਖ ਵਫ਼ਦ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਨੁਮਾਇੰਦੇ ਸ਼ਾਮਲ ਸਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੇ ਮਿਲਿਆ। ਵਫ਼ਦ ਦੇ ਮੈਂਬਰ ਬਲਜਿੰਦਰ ਸਿੰਘ ਚੁਡਿਆਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਜਲਦੀ ਭਾਰਤ ਮੰਗਵਾਉਣ ਦਾ ਭਰੋਸਾ ਦਿੱਤਾ ਹੈ।
ਵਫ਼ਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 19 ਜੁਲਾਈ ਦੀ ਸਵੇਰ ਨੂੰ ਰੂਸੀ ਮਿਜ਼ਾਈਲ ਹਮਲੇ ਵਿੱਚ ਮਰਚੈਂਟ ਨੇਵੀ ਜਹਾਜ਼ 'ਤੇ ਗੁਰਪ੍ਰੀਤ ਸਿੰਘ ਸਮੇਤ ਚਾਰ ਭਾਰਤੀ ਨੌਜਵਾਨ ਮਾਰੇ ਗਏ ਸਨ ਜਿਨ੍ਹਾਂ ਵਿਚੋਂ ਇਕ ਗੁਰਪ੍ਰੀਤ ਸਿੰਘ ਪੰਜੇਟੋਂ ਪਿੰਡ ਦਾ ਸੀ। ਵਫ਼ਦ ਨੇ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਯੁਕਰੇਨ ਤੋਂ ਭਾਰਤ ਜਲਦੀ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਦਿੱਤਾ ਕਿ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਅੱਜ ਸਬੰਧਿਤ ਮੰਤਰਾਲੇ ਨੂੰ ਭੇਜੀ ਜਾਵੇਗੀ ਅਤੇ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। 
ਇਸ ਮੌਕੇ ਜਰਨੈਲ ਸਿੰਘ ਹਿਊਮਨ ਰਾਈਟਸ ਐਕਟੀਵਿਸਟ ਸੂਬਾ ਪ੍ਰਧਾਨ, ਬਲਜਿੰਦਰ ਸਿੰਘ ਚੁਡਿਆਲਾ ਸ਼੍ਰੋਮਣੀ ਅਕਾਲੀ ਦਲ, ਜਸਪ੍ਰੀਤ ਸਿੰਘ ਬਲੋਲੀ ਬੀ.ਕੇ.ਯੂ ਸ਼ਹੀਦ ਭਗਤ ਸਿੰਘ, ਕੁਲਵਿੰਦਰ ਸਿੰਘ ਪੰਜਗਰਾਈਂ, ਗੁਰਪ੍ਰੀਤ ਸਿੰਘ ਬਾਜਵਾ,ਸਿਮਰਜੀਤ ਸਿੰਘ ਛਛਰੌਲੀ ਅਤੇ ਗੁਰਦੇਵ ਸਿੰਘ ਗਨੌਲਾ ਸਮੇਤ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।