ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਸ੍ਰੀ ਆਰ.ਐਮ. ਭੱਲਾ ਅਤੇ ਬੀ.ਐੱਡ. ਕਾਲਜ ਦੇ ਸਕੱਤਰ ਐਡਵੋਕੇਟ ਸ੍ਰੀ ਨਵਰੋਜ ਸ਼ਰਮਾ ਦੀ ਅਗਵਾਈ ਅਤੇ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ਹੇਠ ਚੱਲ ਰਹੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਵਿੱਚ ਚਾਰ ਰੋਜ਼ਾ ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲਾ 24 ਅਕਤੂਬਰ ਤੋਂ 27 ਅਕਤੂਬਰ 2026 ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ।
ਪ੍ਰਧਾਨ ਡਾ. ਅਨੂਪ ਕੁਮਾਰ ਨੇ ਮੇਲੇ ਦੇ ਆਯੋਜਨ ਸਬੰਧੀ ਮਾਰਗਦਰਸ਼ਨ ਦਿੰਦਿਆਂ ਕਿਹਾ ਕਿ ਅਜਿਹੇ ਵਿਰਾਸਤ ਆਧਾਰਿਤ ਮੇਲੇ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਦੀ ਸੰਭਾਲ ਦੇ ਨਾਲ-ਨਾਲ ਇਸ ਦੇ ਸਹੀ ਪ੍ਰਸਾਰ ਅਤੇ ਵਿਕਾਸ ਵਿੱਚ ਵੀ ਸਹਾਇਕ ਸਾਬਤ ਹੁੰਦੇ ਹਨ।
ਸਕੱਤਰ ਸ੍ਰੀ ਆਰ.ਐਮ. ਭੱਲਾ ਨੇ ਕਿਹਾ ਕਿ ਅਜਿਹੇ ਯੁਵਕ ਮੇਲੇ ਨੌਜਵਾਨਾਂ ਦੇ ਵਿਕਾਸ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬੀ.ਐੱਡ. ਕਾਲਜ ਦੇ ਸਕੱਤਰ ਐਡਵੋਕੇਟ ਸ੍ਰੀ ਨਵਰੋਜ ਸ਼ਰਮਾ ਨੇ ਵੀ ਮੇਲੇ ਦੇ ਸਫ਼ਲ ਆਯੋਜਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੀ ਸੰਯੋਜਕ ਅਤੇ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਦੱਸਿਆ ਕਿ ਕਾਲਜ ਇਸ ਵਾਰ ਪ੍ਰੋਫੈਸ਼ਨਲ ਜ਼ੋਨ-6 (ਐਜੂਕੇਸ਼ਨ-ਏ) ਦੇ ਯੁਵਕ ਅਤੇ ਵਿਰਾਸਤੀ ਮੇਲੇ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਲਗਭਗ 32 ਕਾਲਜ ਵੱਧ-ਚੜ੍ਹ ਕੇ ਭਾਗ ਲੈਣਗੇ।
ਮੇਲੇ ਦੇ ਪਹਿਲੇ ਦਿਨ ਸਮੂਹਿਕ ਸ਼ਬਦ ਅਤੇ ਸਮੂਹਿਕ ਭਜਨ, ਭਾਰਤੀ ਸਮੂਹਿਕ ਗਾਇਨ, ਸੁਗਮ ਸੰਗੀਤ ਗਾਇਨ ਦੀਆਂ ਗ਼ਜ਼ਲ ਅਤੇ ਗੀਤ ਸ਼੍ਰੇਣੀਆਂ, ਸੁਗਮ ਸੰਗੀਤ ਲੋਕ ਗਾਇਨ, ਭਾਰਤੀ ਆਰਕੈਸਟਰਾ, ਸਾਜ਼ ਸੰਗੀਤ ਵਿੱਚ ਪਰਕਸ਼ਨ ਅਤੇ ਨਾਨ-ਪਰਕਸ਼ਨ, ਸ਼ਾਸਤਰੀ ਗਾਇਨ, ਮੌਕੇ ’ਤੇ ਪੇਂਟਿੰਗ, ਫੋਟੋਗ੍ਰਾਫੀ, ਕੋਲਾਜ ਮੇਕਿੰਗ, ਕਲੇ ਮਾਡਲਿੰਗ, ਰੰਗੋਲੀ, ਇੰਸਟਾਲੇਸ਼ਨ, ਕਾਰਟੂਨਿੰਗ, ਸਟਿਲ ਲਾਈਫ਼ ਡਰਾਇੰਗ ਅਤੇ ਪੋਸਟਰ ਮੇਕਿੰਗ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ।
ਦੂਜੇ ਦਿਨ ਜਨਰਲ ਕੁਇਜ਼ ਅਤੇ ਵਿਰਾਸਤੀ ਪ੍ਰਸ਼ਨੋਤਰੀ, ਕਲੀ, ਵਾਰ, ਕਵੀਸ਼ਰੀ, ਨਾਚ ਅਤੇ ਵਿਰਾਸਤੀ ਕਲਾ ਤੇ ਸ਼ਿਲਪ ਦੇ ਮੁਕਾਬਲੇ ਹੋਣਗੇ। ਤੀਜੇ ਦਿਨ ਰੰਗਮੰਚ, ਸਾਹਿਤ ਅਤੇ ਰਚਨਾਤਮਕ ਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਜਾਣਗੇ। ਚੌਥੇ ਅਤੇ ਆਖ਼ਰੀ ਦਿਨ ਵਿਰਾਸਤੀ ਕਲਾ ਤੇ ਸ਼ਿਲਪ ਦੇ ਨਾਲ-ਨਾਲ ਝੂਮਰ, ਮਲਵਈ ਗਿੱਧਾ, ਲੁੱਡੀ, ਸੰਮੀ, ਭੰਗੜਾ ਅਤੇ ਗਿੱਧੇ ਵਰਗੇ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੀ ਮੇਜ਼ਬਾਨੀ ਕਰਨ ਦੇ ਨਾਲ-ਨਾਲ ਕਾਲਜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਵੀ ਇਸ ਮੇਲੇ ਦੇ ਹਰ ਮੁਕਾਬਲੇ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਗੇ।
