ਕਰਨਾਲ, 19 ਨਵੰਬਰ (ਪ੍ਰਵੀਣ ਵਾਲੀਆ):- ਪੁਲਿਸ ਸੁਪਰਡੈਂਟ ਕਰਨਾਲ ਸ੍ਰੀ ਕਰਨ ਗੋਇਲ, ਆਈਪੀਐਸ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲਗਾਤਾਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸੀਆਈਏ-1 ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ ਕਾਰ ਦਾ ਸ਼ੀਸ਼ਾ ਤੋੜ ਕੇ 39 ਲੱਖ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਸ਼ੋਕ ਉਰਫ਼ ਮੋਹਿਤ ਪੁੱਤਰ ਸਤੀਸ਼, ਵਾਸੀ ਪਿੰਡ ਮੁਡਲਾਨਾ, ਥਾਣਾ ਸਦਰ ਗੋਹਾਨਾ, ਜ਼ਿਲ੍ਹਾ ਸੋਨੀਪਤ ਅਤੇ ਪੰਕਜ ਉਰਫ਼ ਆਲੂ ਉਰਫ਼ ਪੀਕੇ ਪੁੱਤਰ ਪਵਨ, ਵਾਸੀ ਪਿੰਡ ਅਲੇਵਾ, ਥਾਣਾ ਅਲੇਵਾ, ਜ਼ਿਲ੍ਹਾ ਜੀਂਦ ਵਜੋਂ ਹੋਈ ਹੈ।
ਪੁਲਿਸ ਟੀਮ ਨੇ ਮਾਣਯੋਗ ਅਦਾਲਤ ਤੋਂ ਮੁਲਜ਼ਮਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿੱਚ ਵਰਤੀ ਗਈ ਅਪਾਚੇ ਮੋਟਰਸਾਈਕਲ ਅਤੇ 34 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਇਸ ਸਬੰਧੀ ਸ਼ਿਕਾਇਤਕਰਤਾ ਪ੍ਰਵੀਣ ਗੁਪਤਾ ਨੇ ਪੁਲਿਸ ਚੌਕੀ ਸੈਕਟਰ-4 ਕਰਨਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਵੀਂ ਅਨਾਜ ਮੰਡੀ ਕਰਨਾਲ ਵਿੱਚ ਉਨ੍ਹਾਂ ਦੀ ਆੜ੍ਹਤ ਦੀ ਦੁਕਾਨ ਹੈ। 3 ਨਵੰਬਰ 2026 ਨੂੰ ਉਹ ਬੈਂਕ ਵਿੱਚੋਂ 39 ਲੱਖ 20 ਹਜ਼ਾਰ ਰੁਪਏ ਕਢਵਾ ਕੇ ਆਪਣੀ ਦੁਕਾਨ ’ਤੇ ਲੈ ਕੇ ਆਏ ਸਨ। ਉਨ੍ਹਾਂ ਨੇ ਨਕਦੀ ਨਾਲ ਭਰਿਆ ਬੈਗ ਆਪਣੀ ਗੱਡੀ ਵਿੱਚ ਰੱਖ ਦਿੱਤਾ ਸੀ। ਇਸ ਦੌਰਾਨ ਸ਼ਾਮ ਸਮੇਂ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਨਕਦੀ ਵਾਲਾ ਬੈਗ ਚੋਰੀ ਕਰਕੇ ਫ਼ਰਾਰ ਹੋ ਗਏ।
ਸ਼ਿਕਾਇਤ ਦੇ ਆਧਾਰ ’ਤੇ 4 ਨਵੰਬਰ 2026 ਨੂੰ ਥਾਣਾ ਸਿਟੀ ਕਰਨਾਲ ਵਿੱਚ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਸੀਆਈਏ-1 ਕਰਨਾਲ ਦੀ ਟੀਮ ਨੇ ਕਾਰਵਾਈ ਕਰਦਿਆਂ ਵਾਰਦਾਤ ਵਿੱਚ ਸ਼ਾਮਲ ਦੋਵਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਜੀਂਦ ਦੇ ਪਿੰਡ ਨਗੂਰਾ ਤੋਂ ਗ੍ਰਿਫ਼ਤਾਰ ਕੀਤਾ। 18 ਨਵੰਬਰ 2026 ਨੂੰ ਟੀਮ ਨੇ ਮਾਣਯੋਗ ਅਦਾਲਤ ਤੋਂ ਮੁਲਜ਼ਮਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿੱਚ ਵਰਤੀ ਗਈ ਅਪਾਚੇ ਮੋਟਰਸਾਈਕਲ ਅਤੇ ਚੋਰੀ ਕੀਤੀ ਨਕਦੀ ਵਿੱਚੋਂ 34 ਲੱਖ ਰੁਪਏ ਬਰਾਮਦ ਕੀਤੇ।
ਅੱਜ ਰਿਮਾਂਡ ਦੀ ਮਿਆਦ ਖ਼ਤਮ ਹੋਣ ’ਤੇ ਦੋਵਾਂ ਮੁਲਜ਼ਮਾਂ ਨੂੰ ਮੁੜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ।
