ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ਵੱਲੋਂ ਬਾਲ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਸਕੂਲ ਦਾ ਬਾਲ ਰਸਾਲਾ “ਪਰਵਾਜ਼” ਲੋਕ ਅਰਪਣ ਕੀਤਾ ਗਿਆ। ਇਸ ਰਸਾਲੇ ਦਾ ਸੰਪਾਦਨ ਮੈਡਮ ਬਬੀਤਾ ਰਾਣੀ ਨੇ ਕੀਤਾ। ਰਸਾਲੇ ਬਾਰੇ ਗੱਲ ਕਰਦਿਆਂ ਮੈਡਮ ਬਬੀਤਾ ਰਾਣੀ ਨੇ ਕਿਹਾ ਕਿ ਇਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਬਾਲ ਕਲਮਾਂ ਵੱਲੋਂ ਸਿਰਜੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਕਵਿਤਾਵਾਂ, ਕਹਾਣੀਆਂ, ਲੇਖਾਂ ਅਤੇ ਸੱਭਿਆਚਾਰਕ ਲਿਖਤਾਂ ਰਾਹੀਂ ਆਪਣੀ ਮੌਲਿਕ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ ਹੈ।

ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ਦਾ ਇਹ ਪੰਜਵਾਂ ਸਾਲਾਨਾ ਰਸਾਲਾ ਹੈ। ਜਦੋਂ ਇਹ ਬਾਲ ਰਸਾਲਾ ਛਪ ਕੇ ਨੰਨੇ ਬਾਲ ਲੇਖਕਾਂ ਦੇ ਹੱਥਾਂ ਵਿੱਚ ਪਹੁੰਚਿਆ ਤਾਂ ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਅਤੇ ਉਤਸ਼ਾਹ ਦੇਖਣ ਵਾਲਾ ਸੀ। ਵਿਦਿਆਰਥੀਆਂ ਲਈ ਕੀਤਾ ਗਿਆ ਇਹ ਉਪਰਾਲਾ ਉਨ੍ਹਾਂ ਨੂੰ ਭਵਿੱਖ ਵਿੱਚ ਵੱਡੇ ਲੇਖਕ ਬਣਨ ਵੱਲ ਪ੍ਰੇਰਿਤ ਕਰਨ ਵਾਲਾ ਪਹਿਲਾ ਸਾਰਥਕ ਕਦਮ ਹੈ। ਰਸਾਲੇ ਨੂੰ ਲੋਕ ਅਰਪਣ ਕਰਨ ਸਮੇਂ ਮੈਡਮ ਵੀਰਾਂ ਵਾਲੇ, ਮੈਡਮ ਮਨਪ੍ਰੀਤ ਕੌਰ ਅਤੇ ਸਕੂਲ ਦੇ ਨੰਨੇ ਲੇਖਕਾਂ ਸਮੇਤ ਵਿਦਿਆਰਥੀ ਹਾਜ਼ਰ ਸਨ।