ਐਸ ਏ ਐਸ ਨਗਰ, 11 ਅਕਤੂਬਰ - ਮੁਹਾਲੀ ਪੁਲੀਸ ਨੇ ਇੱਕ ਅਜਰਬੈਜਾਨ ਭੇਜਣ ਦਾ ਲਾਰਾ ਲਗਾ ਕੇ ਇੱਕ ਵਿਅਕਤੀ ਤੋਂ 2 ਲੱਖ 60 ਹਜਾਰ ਰੁਪਏ ਹੜੱਪਣ ਅਤੇ ਵਿਦੇਸ਼ ਨਾ ਭੇਜਣ ਤੇ ਪੀੜਿਤ ਵਲੋਂ ਆਪਣੇ ਪੈਸੇ ਵਾਪਸ ਮੰਗਣ ਤੇ ਉਸਨੂੰ ਦਫਤਰ ਵਿੱਚ ਬੰਦ ਕਰਕੇ ਕੁੱਟ ਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
ਥਾਣਾ ਫੇਜ਼-11 ਦੇ ਐਸ ਐਚ ਓ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਇਸ ਸੰਬੰਧੀ ਅਨਿਲ ਸੱਚਦੇਵਾ ਵਾਸੀ ਸੈਕਟਰ 6, ਬਹਾਦਰਗੜ (ਹਰਿਆਣਾ) ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹਨਾਂ ਨੇ ਸ਼ੋਸ਼ਲ ਮੀਡੀਆ ਤੇ ਇੰਮੀਗ੍ਰੇਸ਼ਨ ਕੰਪਨੀ ਫਿਊਚਰ ਸੁਕੇਅਰ ਇਮੀਗ੍ਰੇਸ਼ਨ, ਦਫਤਰ ਨੰ: 1107, 11ਵੀਂ ਮੰਜਿਲ, ਸੀ ਪੀ 67 ਮਾਲ, ਮੁਹਾਲੀ ਦਾ ਵਿਗਿਆਪਨ ਵੇਖਿਆ ਸੀ। ਉਹਨਾਂ ਕਿਹਾ ਕਿ ਉਹ ਆਪਣੀ ਪਤਨੀ ਰੀਤੂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸਨ ਜਿਸ ਲਈ ਉਕਤ ਦਫਤਰ ਨਾਲ ਸੰਪਰਕ ਕੀਤਾ, ਜਿੱਥੇ ਉਹਨਾਂ ਨੂੰ ਹਿਮਾਸ਼ੂ ਅਤੇ ਮਮਤਾ ਮਿਲੇ ਜਿਨ੍ਹਾ ਨੇ ਆਪਣੇ ਆਪ ਨੂੰ ਉਕਤ ਇੰਮੀਗ੍ਰੇਸ਼ਨ ਕੰਪਨੀ ਦਾ ਮਾਲਕ ਦੱਸਿਆ।
ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਅਨੁਸਾਰ ਉਹਨਾਂ ਨੇ ਉਸਦੀ ਪਤਨੀ ਅਤੇ ਉਸਨੂੰ ਵਿਦੇਸ਼ ਭੇਜਣ ਲਈ 12 ਲੱਖ ਰੁਪਏ ਦੀ ਮੰਗ ਕੀਤੀ ਜਿਸ ਤੇ ਉਹਨਾਂ ਨੇ 12 ਮਾਰਚ 2024 ਨੂੰ 20 ਹਜਾਰ ਰੁਪਏ ਦੀ ਪਹਿਲੀ ਪੇਮੇਂਟ ਕੀਤੀ। ਉਸ ਤੋਂ ਬਾਅਦ ਅਲੱਗ ਅਲੱਗ ਮਿਤੀਆਂ ਤੇ ਉਹਨਾਂ ਨੇ 60 ਹਜਾਰ ਰੁਪਏ ਆਨਲਾਈਨ ਅਤੇ 2 ਲੱਖ ਰੁਪਏ ਨਗਦ ਦੀ ਅਦਾਇਗੀ ਕੀਤੀ।
ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਬੀਤੀ 3 ਜੂਨ ਨੂੰ ਉਹ ਆਪਣੇ ਪੈਸੇ ਮੰਗਣ ਲਈ ਉਕਤ ਦਫਤਰ ਵਿਖੇ ਗਿਆ ਹਿਮਾਸ਼ੂ ਅਤੇ ਮਮਤਾ ਨੇ ਆਪਣੇ ਦੋ ਨਾਮਲੂਮ ਸਾਥੀਆਂ ਨਾਲ ਮਿਲਕੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਉਸਨੇ ਇਨ੍ਹਾਂ ਤੋਂ ਛੁੱਟਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਸਾਰਿਆਂ ਨੇ ਉਸਨੂੰ ਘੇਰਕੇ ਉਸਦੀ ਹੋਰ ਕੁੱਟ ਮਾਰ ਕੀਤੀ ਅਤੇ ਉਹ ਮਸਾਂ ਹੀ ਜਾਨ ਬਚਾ ਕੇ ਭੱਜਿਆ ਅਤੇ ਫਿਰ ਉਹ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ ਵਿਖੇ ਦਾਖਲ ਵੀ ਹੋ ਗਿਆ ਸੀ।
ਇਸ ਸਬੰਧੀ ਪੁਲੀਸ ਨੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਅਤੇ ਬੀ ਐਨ ਐਸ ਦੀ ਧਾਰਾ 115(2), 126(2), 318(4), 316(2) ਅਧੀਨ ਮਾਮਲਾ ਦਰਜ ਕੀਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਿਦੇਸ਼ ਭੇਜਣ ਦੀ ਥਾਂ ਗ੍ਰਾਹਕ ਨੂੰ ਆਪਣੇ ਦਫਤਰ ਵਿੱਚ ਬੰਦ ਕਰਕੇ ਕੁੱਟਣ ਵਾਲੇ ਏਜੰਟ ਦੇ ਖਿਲਾਫ ਮਾਮਲਾ ਦਰਜ
