ਅੰਬਾਲਾ, 18 ਨਵੰਬਰ (ਆਰ. ਸਿੰਘ):- ਭਾਰਤ ਵਿਕਾਸ ਪ੍ਰੀਸ਼ਦ ਦੀ ਮਹਾਰਿਸ਼ੀ ਦਯਾਨੰਦ ਸ਼ਾਖਾ, ਅੰਬਾਲਾ ਸ਼ਹਿਰ ਵੱਲੋਂ ਮਹਾਰਾਜਾ ਅਗਰਸੈਨ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਹ ਸਮਾਗਮ ਸ਼ਾਖਾ ਸਰਪ੍ਰਸਤ ਪ੍ਰਦੀਪ ਗੋਇਲ, ਸਹਿ-ਸਰਪ੍ਰਸਤ ਦੀਪਕ ਰਾਏ ਅਨੰਦ ਅਤੇ ਵਿਵੇਕ ਗੁਪਤਾ ਅਤੇ ਪ੍ਰਧਾਨ ਚਮਨ ਅਗਰਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਮੁਕਾਬਲੇ ਵਿੱਚ ਬਾਰਾਂ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਆਪਣੇ ਭਾਸ਼ਣਾਂ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ, ਤਿਆਗ ਅਤੇ ਮਨੁੱਖਤਾ ਦੀ ਰੱਖਿਆ ਲਈ ਦਿੱਤੇ ਸਰਵਉੱਚ ਬਲੀਦਾਨ ਨੂੰ ਯਾਦ ਕੀਤਾ।

ਮੁਕਾਬਲੇ ਦੇ ਮੁੱਖ ਮਹਿਮਾਨ ਪਵਿੱਤਰ ਸਿੰਘ ਬਾਜਵਾ ਸਨ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਦਿਨੇਸ਼ ਕਾਂਤ ਜਿੰਦਲ ਸ਼ਾਮਲ ਹੋਏ। ਜਿਊਰੀ ਵਿੱਚ ਜਥੇਦਾਰ ਇੰਦਰਪਾਲ ਸਿੰਘ, ਰਵਿੰਦਰ ਪਾਲ ਸਿੰਘ ਅਤੇ ਪਰਮਜੀਤ ਕੌਰ ਸ਼ਾਮਲ ਸਨ। ਮੁਕਾਬਲੇ ਵਿੱਚ ਪਹਿਲਾ ਇਨਾਮ ਐਸ.ਏ. ਜੈਨ ਸੀਨੀਅਰ ਸੈਕੰਡਰੀ ਸਕੂਲ ਦੀ ਦਿਲਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਹੁਣ ਉਹ ਸ਼ਾਹਬਾਦ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਸ਼ਾਖਾ ਵੱਲੋਂ ਹਿੱਸਾ ਲਵੇਗੀ। ਸੋਹਣ ਲਾਲ ਡੀਏਵੀ ਸਕੂਲ ਦੀ ਇਸ਼ਵਿੰਦਰ ਕੌਰ ਨੇ ਦੂਜਾ ਅਤੇ ਕੇਪੀਏ ਸਕੂਲ ਦੀ ਨਵਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੌਸਲਾ ਵਧਾਊ ਇਨਾਮ ਕੇਪੀਏ ਸਕੂਲ ਦੀ ਪਲਕ ਨੂੰ ਦਿੱਤਾ ਗਿਆ।

ਇਸ ਮੌਕੇ ਜਥੇਦਾਰ ਇੰਦਰਪਾਲ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਉਨ੍ਹਾਂ ਦੇ ਮਹਾਨ ਬਲੀਦਾਨ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਬੱਚਿਆਂ ਨੂੰ ਗੁਰੂ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।

ਸਮਾਗਮ ਵਿੱਚ ਸ਼ਾਖਾ ਸਰਪ੍ਰਸਤ ਪ੍ਰਦੀਪ ਗੋਇਲ, ਪ੍ਰਧਾਨ ਚਮਨ ਅਗਰਵਾਲ, ਸਕੱਤਰ ਅੰਕੁਰ ਗੋਇਲ, ਮਹਿਲਾ ਕੋਆਰਡੀਨੇਟਰ ਮੰਜੂ ਅਗਰਵਾਲ, ਪ੍ਰੋਜੈਕਟ ਮੁਖੀ ਮੁਕੇਸ਼ ਐਬਟ, ਅਜੈ ਅਗਰਵਾਲ, ਰਾਕੇਸ਼ ਜਿੰਦਲ, ਰਾਕੇਸ਼ ਸ਼ਰਮਾ, ਪਵਨ ਚੌਧਰੀ, ਸ਼ੈਲੇਂਦਰ ਅਰੋੜਾ, ਅਤੁਲ ਅਹੂਜਾ, ਮਿੰਨੀ ਸ਼ਰਮਾ ਅਤੇ ਸੰਗੀਤਾ ਅਹੂਜਾ ਮੌਜੂਦ ਸਨ। ਅੰਤ ਵਿੱਚ ਪ੍ਰਧਾਨ ਚਮਨ ਅਗਰਵਾਲ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਕੁਰਬਾਨੀ, ਹਿੰਮਤ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਦੇ ਸੰਦੇਸ਼ ਨਾਲ ਜਾਣੂ ਕਰਵਾਉਣਾ ਹੈ।