ਨਵਾਂਸ਼ਹਿਰ (ਦੇਸ ਰਾਜ ਬਾਲੀ):- ਵਿਸ਼ਵ ਮਿਆਰ ਦਿਵਸ 2026 ਮੌਕੇ ਚੰਡੀਗੜ੍ਹ ਤੋਂ ਆਈ ਭਾਰਤੀ ਮਿਆਰ ਬਿਊਰੋ (ਬੀਆਈਐੱਸ) ਦੀ ਫੋਰਨ ਚੰਦ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਗੜੋਆ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਵਿਦਿਆਰਥੀਆਂ ਨੂੰ ਬੀਆਈਐੱਸ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੀਆਈਐੱਸ ਦੇ ਆਈਐੱਸਆਈ ਮਾਰਕ, ਸੀਐੱਸਆਰ ਰਜਿਸਟ੍ਰੇਸ਼ਨ ਮਾਰਕ ਅਤੇ ਨੰਬਰ, ਹਾਲਮਾਰਕ, ਬੀਆਈਐੱਸ ਕੇਅਰ ਐਪ, ਭਾਰਤੀ ਮਿਆਰਾਂ ਅਤੇ ਗੁਣਵੱਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿੱਚ ਮਿਆਰਾਂ ਨਾਲ ਸਬੰਧਤ ਕ੍ਰਾਸਵਰਡ ਅਤੇ ਬੁਝਾਰਤ ਮੁਕਾਬਲੇ, ਰੋਜ਼ਾਨਾ ਜੀਵਨ ਵਿੱਚ ਮਿਆਰਾਂ ਬਾਰੇ ਸਰਵੇਖਣ ਗਤੀਵਿਧੀ ਅਤੇ ਗੁਣਵੱਤਾ ਤੇ ਸਥਿਰਤਾ, ਜਿਸ ਵਿੱਚ ਕਿਫਾਇਤੀ ਅਤੇ ਸਾਫ਼ ਊਰਜਾ ਵੀ ਸ਼ਾਮਲ ਹੈ, ਬਾਰੇ ਸਹੁੰ ਚੁਕਵਾਈ ਗਈ। ਇਸ ਤੋਂ ਇਲਾਵਾ ‘ਸਵੱਛਤਾ ਹੀ ਸੇਵਾ – ਸਵੱਛਤਾ ਪਖਵਾੜਾ 2026’ ਤਹਿਤ ਸਹੁੰ, ਈ-ਕੂੜਾ ਪ੍ਰਬੰਧਨ ਅਤੇ ਰਾਸ਼ਟਰੀ ਪੱਧਰ ਦੀ ਆਨਲਾਈਨ ਕੁਇਜ਼ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿੱਚ ਆਰ ਨੰਬਰ ਨਾਲ ਸਬੰਧਤ ਜਾਣਕਾਰੀ ਵੀ ਸ਼ਾਮਲ ਸੀ।

ਇਸ ਪ੍ਰੋਗਰਾਮ ਵਿੱਚ ਕੁੱਲ 31 ਵਿਦਿਆਰਥੀਆਂ ਅਤੇ ਚਾਰ ਅਧਿਆਪਕਾਂ ਨੇ ਭਾਗ ਲਿਆ। ਬੀਆਈਐੱਸ ਚੰਡੀਗੜ੍ਹ ਸ਼ਾਖਾ ਵੱਲੋਂ ਦਿੱਤੀ ਗਈ 7,500 ਰੁਪਏ ਦੀ ਰਕਮ ਵਿੱਚੋਂ ਕ੍ਰਾਸਵਰਡ, ਬੁਝਾਰਤ ਅਤੇ ਸਰਵੇਖਣ ਮੁਕਾਬਲਿਆਂ ਦੇ ਜੇਤੂਆਂ ਲਈ 3,500 ਰੁਪਏ ਦੇ ਨਕਦ ਇਨਾਮ, ਵਿਦਿਆਰਥੀਆਂ ਦੇ ਜਲਪਾਨ ਲਈ 2,500 ਰੁਪਏ ਅਤੇ ਸਟੇਸ਼ਨਰੀ ਆਦਿ ਲਈ 1,500 ਰੁਪਏ ਰੱਖੇ ਗਏ।

ਸਕੂਲ ਦੇ ਬੀਆਈਐੱਸ ਇੰਚਾਰਜ ਇੰਦਰਜੀਤ ਅਤੇ ਸੰਸਥਾ ਦੇ ਮੁਖੀ, ਸਟੇਟ ਐਵਾਰਡੀ ਡਾ. ਸੁਰਿੰਦਰ ਪਾਲ ਅਗਨੀਹੋਤਰੀ ਨੇ ਫੋਰਨ ਚੰਦ ਦੀ ਟੀਮ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।

ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।