ਹੁਸ਼ਿਆਰਪੁਰ / ਦਲਜੀਤ ਅਜਨੋਹਾ: ਬਸੀ ਗੁਲਾਮ ਹੁਸੈਨ ਵਿੱਚ 2100 ਕੁੰਡੀ ਸ਼ਿਵ-ਸ਼ਕਤੀ ਮਹਾਯੱਗ ਦੇ ਆਯੋਜਨ ਸਬੰਧੀ 11 ਅਕਤੂਬਰ 2026 ਨੂੰ ਯੱਗ ਵਾਲੀ ਥਾਂ ’ਤੇ ਸਵੇਰੇ ਸ਼ੁਭ ਮਹੂਰਤ ਦੌਰਾਨ 10 ਤੋਂ 11 ਵਜੇ ਤੱਕ ਭੂਮੀ ਪੂਜਨ ਅਤੇ ਧਵਜ ਸਥਾਪਨਾ ਦਾ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਸਾਰਾ ਸਮਾਗਮ ਮਹੰਤ ਸ੍ਰੀ ਉਦੈ ਗਿਰੀ ਜੀ ਦੀ ਦੇਖ-ਰੇਖ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਹੋਵੇਗਾ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਹਿੰਦੂਜਾ ਗਰੁੱਪ ਦੇ ਡਾ. ਐੱਸ. ਕੇ. ਚੱਢਾ ਅਤੇ ਇਲਾਕੇ ਦੀਆਂ ਕਈ ਹੋਰ ਨਾਮਵਰ ਸ਼ਖ਼ਸੀਅਤਾਂ ਇਸ ਦੁਰਲੱਭ ਅਤੇ ਪਵਿੱਤਰ ਮੌਕੇ ਦੀਆਂ ਗਵਾਹ ਬਣਨ ਲਈ ਹਾਜ਼ਰ ਰਹਿਣਗੀਆਂ। ਸਮਾਗਮ ਦੌਰਾਨ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਕਰਕੇ ਮਹਾਯੱਗ ਦੇ ਸਫ਼ਲ ਆਯੋਜਨ ਲਈ ਅਰਦਾਸ ਕੀਤੀ ਜਾਵੇਗੀ।
ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਸ਼ਵਿੰਦਰ ਸਿੰਘ ਪਠਾਨੀਆ ਨੇ ਦੱਸਿਆ ਕਿ 2100 ਕੁੰਡੀ ਸ਼ਿਵ-ਸ਼ਕਤੀ ਮਹਾਯੱਗ ਧਾਰਮਿਕ ਆਸਥਾ, ਅਧਿਆਤਮਿਕ ਚੇਤਨਾ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਸ਼ਾਂਤੀ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਡੀਆਂ ਪ੍ਰਾਚੀਨ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਭੂਮੀ ਪੂਜਨ ਅਤੇ ਧਵਜ ਸਥਾਪਨਾ ਨਾਲ ਮਹਾਯੱਗ ਦੀਆਂ ਤਿਆਰੀਆਂ ਨੂੰ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅੱਗੇ ਵਧਾਇਆ ਜਾਵੇਗਾ। ਇਸ ਪਵਿੱਤਰ ਮੌਕੇ ’ਤੇ ਇਲਾਕੇ ਦੀ ਸੁਖ-ਸਮ੍ਰਿੱਧੀ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਵੇਗੀ।
ਡਾ. ਹਰਸ਼ਵਿੰਦਰ ਸਿੰਘ ਪਠਾਨੀਆ ਨੇ ਸਮੂਹ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ 2100 ਕੁੰਡੀ ਸ਼ਿਵ-ਸ਼ਕਤੀ ਮਹਾਯੱਗ ਨੂੰ ਸਫ਼ਲ ਬਣਾਉਣ ਲਈ ਆਪਣਾ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਨੂੰ ਅਧਿਆਤਮਿਕ ਤੌਰ ’ਤੇ ਜੋੜਨ ਦੇ ਨਾਲ-ਨਾਲ ਸੇਵਾ, ਸਦਭਾਵਨਾ ਅਤੇ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਵੀ ਦਿੰਦੇ ਹਨ।
