ਪਟਿਆਲਾ, 4 ਅਕਤੂਬਰ (ਮਨਪ੍ਰੀਤ ਸਿੰਘ):- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨੀ ਮੰਗਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਦਾ ਗੰਭੀਰ ਨੋਟਿਸ ਲੈਂਦੇ ਹੋਏ 5 ਅਕਤੂਬਰ 2026 ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਢੈਂਠਲ ਸਾਹਿਬ ਗੁਰਦੁਆਰਾ ਵਿਖੇ ਜਗਦੀਪ ਸਿੰਘ ਛੰਨਾ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਅਤੇ ਬਲਾਕ ਆਗੂਆਂ ਨੇ ਹਿੱਸਾ ਲਿਆ। ਜਨਰਲ ਸਕੱਤਰ ਸੁਖਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਥਾਂ ਸਮਾਂ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਐਮ.ਐਸ.ਪੀ. ਦੀ ਗਾਰੰਟੀ ਦਾ ਕਾਨੂੰਨ ਨਾ ਬਣਾ ਕੇ, ਬਿਜਲੀ ਬਿੱਲ, ਬੀਜ ਬਿੱਲ ਅਤੇ ਮਨਰੇਗਾ ਦੀ ਥਾਂ ਜੀ ਰਾਮ ਜੀ ਸਕੀਮ ਲਿਆ ਕੇ ਕਿਰਤੀ ਲੋਕਾਂ ਦੇ ਹੱਕਾਂ ’ਤੇ ਛਾਪਾ ਮਾਰ ਰਹੀ ਹੈ, ਉੱਥੇ ਕਾਲੇ ਕਾਨੂੰਨ ਅਤੇ ਕਿਰਤ ਕੋਡ ਲਾਗੂ ਕਰਕੇ ਲੜਦੇ ਲੋਕਾਂ ਦੀ ਸੰਘੀ ਨੱਪ ਰਹੀ ਹੈ। ਉੱਥੇ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਅਤੇ ਹੜ੍ਹਾਂ ਦਾ ਮੁਆਵਜ਼ਾ ਦੇਣ, ਅਬਾਦਕਾਰਾਂ ਦੇ ਮਾਲਕੀ ਹੱਕ ਦੇਣ, ਕਰਜ਼ਾ ਮੁਆਫ਼ੀ ਅਤੇ ਖੇਤੀ ਨੀਤੀ ਬਣਾਉਣ ਸਬੰਧੀ ਖਾਮੋਸ਼ੀ ਧਾਰੀ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਰਾਜ ਕਾਇਮ ਕਰਕੇ ਲੋਕਾਂ ਨੂੰ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਹਿਲਾਂ ਵੀ 16 ਦਿਨਾਂ ਦਾ ਪੱਕਾ ਮੋਰਚਾ ਲਾ ਕੇ ਯੂਨੀਅਨ ਨੇ ਲੜਾਈ ਵਿੱਢੀ ਸੀ। ਹੁਣ 5 ਅਕਤੂਬਰ ਨੂੰ ਵੱਡੀ ਲਾਮਬੰਦੀ ਕਰਕੇ ਡੀ.ਸੀ. ਦਫ਼ਤਰ ਪਟਿਆਲਾ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਰਕਾਰ ਗੱਲਬਾਤ ਕਰਕੇ ਕਿਸਾਨੀ ਮੰਗਾਂ ਦਾ ਨਿਪਟਾਰਾ ਕਰੇ। ਜਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਝੋਨੇ ਦੀ ਸੁਚਾਰੂ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ ਅਤੇ ਪਰਾਲੀ ਦਾ ਯੋਗ ਨਿਪਟਾਰਾ ਕਰਨ ਲਈ ਕਦਮ ਚੁੱਕੇ ਜਾਣ।
ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਖ਼ਜ਼ਾਨਚੀ ਜਗਮੇਲ ਸਿੰਘ ਗਾਜੇਵਾਸ, ਸੰਗਠਨ ਸਕੱਤਰ ਬਲਰਾਜ ਜੋਸ਼ੀ, ਬਲਾਕ ਦੇ ਪ੍ਰਧਾਨ ਅਮਰੀਕ ਸਿੰਘ ਘੱਗਾ, ਪ੍ਰੇਮ ਲਲੋਛੀ, ਭਰਭੂਰ ਸਿੰਘ ਗਾਜੇਵਾਸ, ਹਰਦੀਪ ਸਿੰਘ ਡਰੌਲੀ, ਜਸਵਿੰਦਰ ਸਿੰਘ ਸਾਲੂਵਾਲ, ਅਵਤਾਰ ਸਿੰਘ ਫੱਗਣਮਾਜਰਾ, ਦਵਿੰਦਰ ਸਿੰਘ ਸੀਲ, ਅਵਤਾਰ ਸਿੰਘ ਬੁਰੜ, ਵਰਿੰਦਰ ਸਿੰਘ ਭੋਲਾ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।
