ਨਵਾਂਸ਼ਹਿਰ (ਦੇਸ ਰਾਜ ਬਾਲੀ):- ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਮਿਡਲ ਸਕੂਲ, ਪਿੰਡ ਕੰਗ (ਨਵਾਂਸ਼ਹਿਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਅਤੇ ਸਵੱਛ ਭਾਰਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀ ਤਰਸੇਮ ਲਾਲ, ਮੁੱਖ ਅਧਿਆਪਕ ਨੇ ਕੀਤੀ।
ਇਸ ਮੌਕੇ ’ਤੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਰੈੱਡ ਕਰਾਸ ਸੰਸਥਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਇਹ ਸੰਸਥਾ ਇਨਸਾਨੀਅਤ ਨੂੰ ਬਚਾਉਣ ਦਾ ਯਤਨ ਕਰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਹਰੇਕ ਨਸ਼ਾ ਜਾਨਲੇਵਾ ਹੈ। ਕਈ ਬੱਚੇ ਵੱਡੇ ਹੋ ਕੇ ਦੂਸਰੇ ਸਾਥੀਆਂ ਨਾਲ ਦੋਸਤੀ ਪਾਉਂਦੇ ਹਨ ਅਤੇ ਬਿਨਾਂ ਸੋਚੇ-ਸਮਝੇ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੇ ਅਤੇ ਮਾਤਾ-ਪਿਤਾ ਦੇ ਸੁਪਨੇ ਧਰੇ ਧਰਾਏ ਰਹਿ ਜਾਂਦੇ ਹਨ।
ਇਸ ਮੌਕੇ ’ਤੇ ਸਵੱਛਤਾ ਹੀ ਸੇਵਾ ਤਹਿਤ “ਸਫ਼ਾਈ ਵਿੱਚ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ” ਵਿਸ਼ੇ ’ਤੇ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਜਿਵੇਂ ਅਸੀਂ ਆਪਣੇ ਤਨ ਨੂੰ ਸਾਫ਼-ਸੁਥਰਾ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣਾ ਆਲਾ-ਦੁਆਲਾ ਵੀ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਵੱਖ-ਵੱਖ ਤਰ੍ਹਾਂ ਦੇ ਵਾਹਨਾਂ, ਕੀੜੇ ਮਾਰ ਦਵਾਈਆਂ, ਪਲਾਸਟਿਕ, ਰਹਿੰਦ-ਖੂੰਹਦ ਆਦਿ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਧਰਤੀ ਅਤੇ ਪਾਣੀ ’ਤੇ ਵੀ ਅਸਰ ਪੈ ਰਿਹਾ ਹੈ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਮੌਕੇ ’ਤੇ ਹੱਥਾਂ ਨੂੰ ਸਾਫ਼ ਕਰਨ ਦਾ ਢੰਗ ਅਭਿਆਸ ਕਰਕੇ ਦੱਸਿਆ ਗਿਆ। ਅੰਤ ਵਿੱਚ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਇਕੱਤਰਤਾ, ਜਿਸ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ, ਨੂੰ ਨਸ਼ਿਆਂ ਵਿਰੁੱਧ ਪ੍ਰਣ ਦਵਾਇਆ ਗਿਆ।
ਇਸ ਮੌਕੇ ’ਤੇ ਸ਼੍ਰੀ ਤਰਸੇਮ ਲਾਲ, ਮੁੱਖ ਅਧਿਆਪਕ ਨੇ ਆਈ ਹੋਈ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਅਸੀਂ ਨਸ਼ਾ ਮੁਕਤ ਭਾਰਤ ਮੁਹਿੰਮ ਅਤੇ ਨਸ਼ਿਆਂ ਵਿਰੁੱਧ ਯੁੱਧ ਵਿੱਚ ਪੂਰਨ ਸਹਿਯੋਗ ਕਰਦੇ ਰਹਾਂਗੇ ਅਤੇ ਵਿਦਿਆਰਥੀਆਂ ਨੂੰ ਚੇਤਨ ਕਰਦੇ ਰਹਾਂਗੇ। ਇਸ ਮੌਕੇ ’ਤੇ ਸਕੂਲ ਸਟਾਫ਼ ਮੈਂਬਰ ਧਰਮਪਾਲ, ਤਲਵਿੰਦਰ ਸਿੰਘ, ਪ੍ਰੀਆ, ਹਰਗੋਪਾਲ, ਮਿਡ-ਡੇ ਮੀਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
