ਊਨਾ, 11 ਅਕਤੂਬਰ:- ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਹਰੋਲੀ ਵਿਧਾਨ ਸਭਾ ਹਲਕੇ ਦੇ ਰੋੜਾ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਟੋਮੇਟਿਡ ਟੈਸਟਿੰਗ ਸਟੇਸ਼ਨ (ਏ.ਟੀ.ਐੱਸ.) ਦਾ ਨੀਂਹ ਪੱਥਰ ਰੱਖਿਆ। ਇਸ ਸਟੇਸ਼ਨ ਦੀ ਉਸਾਰੀ ਨੌਂ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਚਾਲੂ ਹੋਣ ਨਾਲ ਵਾਹਨਾਂ ਦੀ ਫਿਟਨੈੱਸ ਜਾਂਚ ਅਤੇ ਪਾਸਿੰਗ ਆਧੁਨਿਕ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ।
ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਏ.ਟੀ.ਐੱਸ. ਵਿੱਚ ਭਾਰੀ ਵਾਹਨਾਂ, ਹਲਕੇ ਵਾਹਨਾਂ, ਤਿੰਨ ਪਹੀਆ ਅਤੇ ਦੋ ਪਹੀਆ ਵਾਹਨਾਂ ਦੀ ਫਿਟਨੈੱਸ ਜਾਂਚ ਲਈ ਤਿੰਨ ਟੈਸਟਿੰਗ ਲੇਨਾਂ ਬਣਾਈਆਂ ਜਾਣਗੀਆਂ। ਇਸ ਥਾਂ ’ਤੇ ਟ੍ਰੈਫਿਕ ਪਾਰਕ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ, ਜਿੱਥੇ ਡਰਾਈਵਿੰਗ ਲਾਇਸੈਂਸ ਲਈ ਡਰਾਈਵਿੰਗ ਟੈਸਟ ਦੀ ਸਹੂਲਤ ਉਪਲਬਧ ਹੈ। ਹੁਣ ਏ.ਟੀ.ਐੱਸ. ਚਾਲੂ ਹੋਣ ਤੋਂ ਬਾਅਦ ਇਸੇ ਥਾਂ ’ਤੇ ਡਰਾਈਵਿੰਗ ਟੈਸਟ ਅਤੇ ਵਾਹਨਾਂ ਦੀ ਪਾਸਿੰਗ, ਦੋਵਾਂ ਦੀ ਸਹੂਲਤ ਮਿਲੇਗੀ। ਇਸ ਨਾਲ ਲੋਕਾਂ ਨੂੰ ਇੱਕੋ ਥਾਂ ’ਤੇ ਦੋਵੇਂ ਸਹੂਲਤਾਂ ਪ੍ਰਾਪਤ ਹੋਣਗੀਆਂ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਮਪੁਰ ਪੁਲ ਤੋਂ ਹਰੋਲੀ ਜਲ ਭਵਨ ਤੱਕ ਦੇ ਖੇਤਰ ਨੂੰ ਨਿਊ ਹਰੋਲੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇੱਥੇ 22 ਕਰੋੜ ਰੁਪਏ ਦੀ ਲਾਗਤ ਨਾਲ ਹੈਲੀਪੋਰਟ ਅਤੇ 10 ਕਰੋੜ ਰੁਪਏ ਦੀ ਲਾਗਤ ਨਾਲ ਸਿੰਥੈਟਿਕ ਟਰੈਕ ਬਣਾਇਆ ਜਾ ਰਿਹਾ ਹੈ। ਇਸੇ ਖੇਤਰ ਵਿੱਚ 3.50 ਕਰੋੜ ਰੁਪਏ ਦੀ ਲਾਗਤ ਨਾਲ ਸੈਨਿਕ ਭਵਨ ਵੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਜਲ ਸ਼ਕਤੀ ਵਿਭਾਗ ਦੇ ਅਧੀਕਸ਼ ਇੰਜੀਨੀਅਰ ਦਾ ਦਫ਼ਤਰ, ਜ਼ਿਲ੍ਹਾ ਅਦਾਲਤ, ਉਦਯੋਗ ਦਫ਼ਤਰ, ਇਨਡੋਰ ਸਟੇਡੀਅਮ ਅਤੇ ਮੇਲਾ ਮੈਦਾਨ ਬਣਾਉਣ ਦੀ ਵੀ ਯੋਜਨਾ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਇਹ ਖੇਤਰ ਵਿਕਾਸ ਅਤੇ ਆਧੁਨਿਕ ਸਹੂਲਤਾਂ ਦੇ ਨਵੇਂ ਕੇਂਦਰ ਵਜੋਂ ਉਭਰੇਗਾ।
ਆਟੋਮੇਟਿਡ ਟੈਸਟਿੰਗ ਸਟੇਸ਼ਨ ਦੀ ਉਸਾਰੀ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ ਇਮਾਰਤ, ਟੈਸਟਿੰਗ ਲੇਨਾਂ, ਜਾਂਚ ਖੇਤਰ, ਦਫ਼ਤਰ, ਉਡੀਕ ਕਮਰੇ, ਪਾਰਕਿੰਗ ਅਤੇ ਹੋਰ ਬੁਨਿਆਦੀ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਦੂਜੇ ਪਾਸੇ, ਐਚ.ਆਰ.ਟੀ.ਸੀ. ਵੱਲੋਂ ਸਟੇਸ਼ਨ ਦੇ ਸੰਚਾਲਨ ਲਈ ਲੋੜੀਂਦੀ ਮਸ਼ੀਨਰੀ, ਤਕਨੀਕੀ ਉਪਕਰਨ, ਕੰਟਰੋਲ ਪ੍ਰਣਾਲੀ, ਸਾਫਟਵੇਅਰ, ਸੀ.ਸੀ.ਟੀ.ਵੀ. ਅਤੇ ਹੋਰ ਸਬੰਧਤ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਸੂਬਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਰਾਣਾ, ਹਰੋਲੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਦੀਪ ਅਗਨੀਹੋਤਰੀ, ਜ਼ਿਲ੍ਹਾ ਪਰਿਸ਼ਦ ਮੈਂਬਰ ਕੇਵਲ ਸਿੰਘ ਔਜਲਾ, ਐੱਸ.ਟੀ.ਏ. ਮੈਂਬਰ ਅਸ਼ੋਕ ਠਾਕੁਰ, ਸੁਭਦਰਾ ਚੌਧਰੀ, ਵਿਨੋਦ ਕੁਮਾਰ ਬਿੱਟੂ, ਰੋੜਾ ਪੰਚਾਇਤ ਦੀ ਸਾਬਕਾ ਪ੍ਰਧਾਨ ਸ਼ਾਰਦਾ, ਹਰੋਲੀ ਦੇ ਐੱਸ.ਡੀ.ਐੱਮ. ਵਿਸ਼ਾਲ ਸ਼ਰਮਾ, ਡੀ.ਐੱਸ.ਪੀ. ਹਰੋਲੀ ਮੋਹਨ ਰਾਵਤ, ਐਚ.ਆਰ.ਟੀ.ਸੀ. ਦੇ ਮੰਡਲੀ ਮੈਨੇਜਰ (ਤਕਨੀਕੀ) ਪਵਨ ਸ਼ਰਮਾ, ਹਮੀਰਪੁਰ ਦੇ ਡੀ.ਐੱਮ. ਰਾਜ ਕੁਮਾਰ, ਐਕਸ.ਈ.ਐੱਨ. ਬੀ.ਐੱਸ.ਐੱਮ. ਐਂਡ ਡੀ.ਏ. ਕਮਲ ਸ਼ਰਮਾ, ਊਨਾ ਦੇ ਆਰ.ਐੱਮ. ਰਾਜੇਸ਼ ਜੋਸ਼ੀ, ਲੋਕ ਨਿਰਮਾਣ ਵਿਭਾਗ ਦੇ ਐਕਸ.ਈ.ਐੱਨ. ਨਿਤਿਨ ਕੁਮਾਰ, ਜਲ ਸ਼ਕਤੀ ਵਿਭਾਗ ਦੇ ਪੁਨੀਤ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
