ਚੰਡੀਗੜ੍ਹ, 19 ਨਵੰਬਰ:- ਹਰਿਆਣਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਆਧੁਨਿਕ ਤਕਨੀਕ ਅਤੇ ਹੁਨਰ ਨਾਲ ਲੈਸ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਦਿਸ਼ਾ ਵਿੱਚ ਸੂਬੇ ਦੇ ਉਦਯੋਗਿਕ ਸਿਖਲਾਈ ਸੰਸਥਾਨਾਂ (ਆਈਟੀਆਈਜ਼) ਨੂੰ ਨਵੀਨਤਮ ਅਤੇ ਉੱਨਤ ਮਸ਼ੀਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ ਕਰਕੇ ਨਿਕਲਣ ਵਾਲੇ ਨੌਜਵਾਨਾਂ ਨੂੰ ਨਾਮੀ ਉਦਯੋਗਾਂ ਵਿੱਚ ਵਧੀਆ ਤਨਖ਼ਾਹ ’ਤੇ ਨੌਕਰੀ ਮਿਲ ਸਕੇ ਜਾਂ ਉਹ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰ ਸਕਣ।

ਇਸੇ ਲੜੀ ਤਹਿਤ ਅੱਜ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਵਿਭਾਗ ਵੱਲੋਂ ਸੱਦੀ ਗਈ ਵਿਭਾਗੀ ਹਾਈ ਪਾਵਰ ਪਰਚੇਜ਼ ਕਮੇਟੀ (ਡੀ.ਐਚ.ਪੀ.ਪੀ.ਸੀ.) ਦੀ ਮੀਟਿੰਗ ਵਿੱਚ ਵੈਲਡਿੰਗ ਅਤੇ ਇਸ ਨਾਲ ਸਬੰਧਤ 315 ਆਧੁਨਿਕ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ਦੀ ਪ੍ਰਧਾਨਗੀ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਮੰਤਰੀ ਸ੍ਰੀ ਗੌਰਵ ਗੌਤਮ ਨੇ ਕੀਤੀ। ਇਨ੍ਹਾਂ ਉਪਕਰਨਾਂ ਦੀ ਖਰੀਦ ’ਤੇ 1.80 ਕਰੋੜ ਰੁਪਏ ਤੋਂ ਵੱਧ ਖਰਚ ਹੋਣ ਦਾ ਅਨੁਮਾਨ ਹੈ।

ਮੀਟਿੰਗ ਵਿੱਚ ਜਿਨ੍ਹਾਂ ਪ੍ਰਮੁੱਖ ਉਪਕਰਨਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ, ਉਨ੍ਹਾਂ ਵਿੱਚ 300 ਐਂਪੀਅਰ ਸਮਰੱਥਾ ਵਾਲੀ ਵਾਟਰ-ਕੂਲਡ ਟਾਰਚ ਸਮੇਤ ਏ.ਸੀ./ਡੀ.ਸੀ. ਜੀ.ਟੀ.ਏ.ਡਬਲਯੂ. ਵੈਲਡਿੰਗ ਮਸ਼ੀਨ, 400 ਐਂਪੀਅਰ ਸਮਰੱਥਾ ਵਾਲੀ ਜੀ.ਐੱਮ.ਏ.ਡਬਲਯੂ. ਵੈਲਡਿੰਗ ਮਸ਼ੀਨ, ਸਪਾਟ ਵੈਲਡਿੰਗ ਮਸ਼ੀਨ, ਏਅਰ ਪਲਾਜ਼ਮਾ ਕਟਿੰਗ ਉਪਕਰਨ, ਏਅਰ ਪਲਾਜ਼ਮਾ ਕਟਿੰਗ ਸਿਸਟਮ ਦੇ ਅਨੁਕੂਲ ਏਅਰ ਕੰਪ੍ਰੈਸਰ, ਸਾਰੀਆਂ ਲੋੜੀਂਦੀਆਂ ਸਹਾਇਕ ਵਸਤਾਂ ਸਮੇਤ ਡੀ.ਸੀ. ਆਰਕ ਵੈਲਡਿੰਗ ਰੈਕਟੀਫਾਇਰ ਸੈੱਟ ਅਤੇ ਆਰਕ ਵੈਲਡਿੰਗ ਟੇਬਲ ਸ਼ਾਮਲ ਹਨ।

ਮੀਟਿੰਗ ਤੋਂ ਬਾਅਦ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਵਿਹਾਰਕ ਅਤੇ ਆਧੁਨਿਕ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਤੇ ਚੰਗੀਆਂ ਨੌਕਰੀਆਂ ਲਈ ਤਿਆਰ ਕਰਨ ਵਾਸਤੇ ਵਚਨਬੱਧ ਹੈ। ਇਨ੍ਹਾਂ ਆਧੁਨਿਕ ਉਪਕਰਨਾਂ ਦੀ ਉਪਲਬਧਤਾ ਨਾਲ ਸੂਬੇ ਦੀਆਂ ਆਈਟੀਆਈਜ਼ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਦਯੋਗਾਂ ਦੀ ਮੰਗ ਅਨੁਸਾਰ ਉੱਚ ਪੱਧਰੀ ਸਿਖਲਾਈ ਹਾਸਲ ਕਰਨ ਵਿੱਚ ਵੱਡੀ ਮਦਦ ਮਿਲੇਗੀ।

ਇਸ ਮੌਕੇ ਸਪਲਾਈ ਅਤੇ ਨਿਪਟਾਰਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਰਾਜੀਵ ਰਤਨ, ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਪਾਰਥ ਗੁਪਤਾ, ਵਧੀਕ ਡਾਇਰੈਕਟਰ ਸ੍ਰੀਮਤੀ ਕਮਲਪ੍ਰੀਤ ਕੌਰ, ਸਹਾਇਕ ਡਾਇਰੈਕਟਰ ਸ੍ਰੀ ਮੁਕੇਸ਼ ਮੋਂਗੀਆ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।