ਚੰਡੀਗੜ੍ਹ, 18 ਨਵੰਬਰ:- ਡਾਇਰੈਕਟੋਰੇਟ, ਸੈਕੰਡਰੀ ਸਿੱਖਿਆ ਵਿਭਾਗ ਹਰਿਆਣਾ, ਪੰਚਕੂਲਾ ਦੀਆਂ ਹਦਾਇਤਾਂ ਅਨੁਸਾਰ ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ, ਭਿਵਾਨੀ ਵੱਲੋਂ 26 ਅਤੇ 27 ਦਸੰਬਰ, 2026 ਨੂੰ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2026 (ਐਚਟੈਟ) ਦੇ ਲੈਵਲ-1, 2 ਅਤੇ 3 ਦਾ ਆਯੋਜਨ ਕੀਤਾ ਜਾਵੇਗਾ। ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2026 ਲਈ ਅਰਜ਼ੀ ਫਾਰਮ 18 ਨਵੰਬਰ, 2026 ਤੋਂ ਆਨਲਾਈਨ ਉਪਲਬਧ ਕਰਵਾ ਦਿੱਤੇ ਗਏ ਹਨ। ਪ੍ਰੀਖਿਆ ਨਾਲ ਸਬੰਧਤ ਸੂਚਨਾ ਬੁਲੇਟਿਨ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in 'ਤੇ ਉਪਲਬਧ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਸ਼ੰਕਰ ਲਾਲ ਧੂਪੜ ਨੇ ਦੱਸਿਆ ਕਿ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in 'ਤੇ ਦਿੱਤੇ ਲਿੰਕ ਰਾਹੀਂ ਮਹੱਤਵਪੂਰਨ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਅਤੇ ਸਮਝ ਕੇ 27 ਨਵੰਬਰ, 2026 ਨੂੰ ਰਾਤ 11:59 ਵਜੇ ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਲਈ ਇੱਕ ਲੈਵਲ ਦੀ ਅਰਜ਼ੀ ਦੇਣ ਵਾਲੇ ਉਮੀਦਵਾਰ ਨੂੰ 1,200 ਰੁਪਏ, ਦੋ ਲੈਵਲਾਂ ਲਈ 2,000 ਰੁਪਏ ਅਤੇ ਤਿੰਨਾਂ ਲੈਵਲਾਂ ਲਈ 2,600 ਰੁਪਏ ਫੀਸ ਅਦਾ ਕਰਨੀ ਹੋਵੇਗੀ। ਇਸੇ ਤਰ੍ਹਾਂ ਹਰਿਆਣਾ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਅਤੇ ਦਿਵਿਆਂਗ ਉਮੀਦਵਾਰਾਂ ਨੂੰ ਇੱਕ ਲੈਵਲ ਲਈ 700 ਰੁਪਏ, ਦੋ ਲੈਵਲਾਂ ਲਈ 1,100 ਰੁਪਏ ਅਤੇ ਤਿੰਨਾਂ ਲੈਵਲਾਂ ਲਈ 1,400 ਰੁਪਏ ਫੀਸ ਦੇਣੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀ ਦੇਣ ਤੋਂ ਪਹਿਲਾਂ ਉਮੀਦਵਾਰ ਸੂਚਨਾ ਬੁਲੇਟਿਨ ਵਿੱਚ ਦਰਜ ਮਹੱਤਵਪੂਰਨ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਸਮਝਣ ਅਤੇ ਆਪਣੀ ਯੋਗਤਾ ਯਕੀਨੀ ਬਣਾਉਣ। ਆਨਲਾਈਨ ਅਰਜ਼ੀ ਅਤੇ ਪ੍ਰੀਖਿਆ ਫੀਸ ਸਫਲਤਾਪੂਰਵਕ ਜਮ੍ਹਾਂ ਕਰਵਾਉਣ ਤੋਂ ਬਾਅਦ ਉਮੀਦਵਾਰ ਪੁਸ਼ਟੀਕਰਨ ਪੰਨੇ (Confirmation Page) ਦਾ ਪ੍ਰਿੰਟ ਲੈਣਾ ਯਕੀਨੀ ਬਣਾਉਣ।

ਸ੍ਰੀ ਧੂਪੜ ਨੇ ਅੱਗੇ ਦੱਸਿਆ ਕਿ ਉਮੀਦਵਾਰ ਆਪਣੇ ਵੇਰਵਿਆਂ ਜਿਵੇਂ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਜਨਮ ਮਿਤੀ, ਫੋਟੋ ਵਾਲਾ ਪਛਾਣ-ਪੱਤਰ, ਆਧਾਰ ਨੰਬਰ ਅਤੇ ਵਿਸ਼ੇ ਦੀ ਚੋਣ (ਲੈਵਲ 2 ਅਤੇ 3) ਵਿੱਚ 28 ਅਤੇ 29 ਨਵੰਬਰ, 2026 ਨੂੰ ਆਨਲਾਈਨ ਸੋਧ ਕਰ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਧਾਰਤ ਸਮਾਂ-ਸੀਮਾ ਤੋਂ ਬਾਅਦ ਆਨਲਾਈਨ ਸੋਧ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਇਸ ਸਬੰਧੀ ਕਿਸੇ ਵੀ ਮਾਧਿਅਮ ਰਾਹੀਂ ਕੋਈ ਬੇਨਤੀ ਜਾਂ ਅਪੀਲ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਲੈਵਲ, ਜਾਤੀ ਵਰਗ, ਗ੍ਰਹਿ ਰਾਜ ਅਤੇ ਸਰੀਰਕ ਅਪੰਗਤਾ ਨਾਲ ਸਬੰਧਤ ਵਿਕਲਪਾਂ ਵਿੱਚ ਕੋਈ ਤਬਦੀਲੀ ਜਾਂ ਸੋਧ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਈ-ਮੇਲ, ਪੱਤਰ ਜਾਂ ਹੋਰ ਮਾਧਿਅਮਾਂ ਰਾਹੀਂ ਪ੍ਰਾਪਤ ਬੇਨਤੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਇੱਕ ਰਜਿਸਟ੍ਰੇਸ਼ਨ ਤੋਂ ਬਾਅਦ ਕਿਸੇ ਹੋਰ ਲੈਵਲ ਦੀ ਪ੍ਰੀਖਿਆ ਦੇਣਾ ਚਾਹੁੰਦਾ ਹੈ ਤਾਂ ਉਹ ਉਸੇ ਰਜਿਸਟ੍ਰੇਸ਼ਨ ਤਹਿਤ ਦੂਜੇ ਲੈਵਲ ਲਈ ਅਰਜ਼ੀ ਦੇ ਸਕਦਾ ਹੈ। ਜੇਕਰ ਕੋਈ ਉਮੀਦਵਾਰ ਇੱਕੋ ਲੈਵਲ ਲਈ ਇੱਕ ਤੋਂ ਵੱਧ ਅਰਜ਼ੀਆਂ ਦਿੰਦਾ ਹੈ ਤਾਂ ਉਸ ਦੀ ਅਰਜ਼ੀ ਅਤੇ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।

ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਨਵੀਆਂ ਅਪਡੇਟਾਂ ਲਈ ਬੋਰਡ ਦੀ ਵੈੱਬਸਾਈਟ www.bseh.org.in ਨੂੰ ਨਿਯਮਤ ਤੌਰ 'ਤੇ ਦੇਖਦੇ ਰਹਿਣ, ਤਾਂ ਜੋ ਕਿਸੇ ਵੀ ਮਹੱਤਵਪੂਰਨ ਅਤੇ ਜ਼ਰੂਰੀ ਜਾਣਕਾਰੀ ਤੋਂ ਵਾਂਝੇ ਨਾ ਰਹਿਣ। ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਖਰੀ ਮਿਤੀ ਦੀ ਉਡੀਕ ਕੀਤੇ ਬਿਨਾਂ ਅਰਜ਼ੀ ਪ੍ਰਕਿਰਿਆ ਤੁਰੰਤ ਪੂਰੀ ਕਰਨ। ਆਨਲਾਈਨ ਅਰਜ਼ੀ ਦਿੰਦਿਆਂ ਕਿਸੇ ਵੀ ਤਕਨੀਕੀ ਮੁਸ਼ਕਲ ਦਾ ਸਾਹਮਣਾ ਕਰਨ 'ਤੇ ਉਮੀਦਵਾਰ ਮੋਬਾਈਲ ਨੰਬਰ 9001837558 ਜਾਂ ਈ-ਮੇਲ ਆਈ.ਡੀ. [email protected] 'ਤੇ ਸੰਪਰਕ ਕਰ ਸਕਦੇ ਹਨ।