ਮੋਹਾਲੀ (ਜਗਮੀਤ ਘੁੰਮਣ):- ਮਾਤਾ-ਪਿਤਾ ਦੇ ਸਤਿਕਾਰ ਅਤੇ ਗਊ-ਸੇਵਾ ਦਾ ਪਵਿੱਤਰ ਸੰਦੇਸ਼ ਦੇਣ ਵਾਲੇ ਮਾਤਾ-ਪਿਤਾ ਗੌਧਾਮ ਮਹਾਤੀਰਥ, ਬਨੂੜ-ਅੰਬਾਲਾ ਰੋਡ ਸਥਿਤ ਪਿੰਡ ਖੱਲੌਰ, ਜ਼ਿਲ੍ਹਾ ਮੋਹਾਲੀ ਵਿਖੇ ਮੰਗਲਵਾਰ ਨੂੰ ਗੋਪਾਸ਼ਟਮੀ ਮਹੋਤਸਵ ਅਤੇ ਵਿਸ਼ਾਲ ਭੰਡਾਰੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਪਵਿੱਤਰ ਮੌਕੇ ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਟ੍ਰਾਈਸਿਟੀ ਸਮੇਤ ਵੱਖ-ਵੱਖ ਸੂਬਿਆਂ ਤੋਂ ਲਗਭਗ 2,000 ਸ਼ਰਧਾਲੂ, ਗਊ-ਭਗਤ ਅਤੇ ਸਮਾਜ ਸੇਵੀ ਸ਼ਾਮਲ ਹੋਏ।
ਮਹੋਤਸਵ ਵਿੱਚ ਪ੍ਰਸਿੱਧ ਭਜਨ ਸਮਰਾਟ ਅਨੂਪ ਜਲੋਟਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਡਿਪਲੋਪਲਾਸਟ ਪਲਾਸਟਿਕ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਤੇ ਰੋਟਰੀ ਕਲੱਬ ਦੇ ਪ੍ਰਧਾਨ ਡਾ. ਅਸ਼ੋਕ ਕੁਮਾਰ ਗੁਪਤਾ, ਪ੍ਰਸਿੱਧ ਫ਼ਿਲਮ ਨਿਰਮਾਤਾ ਵਿਨੋਦ ਬੱਚਨ, ਬਾਲੀਵੁੱਡ ਸੰਗੀਤ ਨਿਰਦੇਸ਼ਕ ਉਸਮਾਨ ਖਾਨ ਅਤੇ ਬਾਲ ਮਹਿਮਾਨ ਤੇ ਸੋਸ਼ਲ ਸਰਵਿਸ ਐਂਬੈਸਡਰ ਕੁਮਾਰੀ ਸਿਆਜ਼ ਪੁਨੀਆ ਸ਼ਾਮਲ ਸਨ। ਸਮਾਗਮ ਨੂੰ ਸੰਤਾਂ ਦਾ ਵਿਸ਼ੇਸ਼ ਅਸ਼ੀਰਵਾਦ ਵੀ ਪ੍ਰਾਪਤ ਹੋਇਆ। ਇਨ੍ਹਾਂ ਵਿੱਚ ਆਚਾਰੀਆ ਸੁਸ਼ੀਲ ਮੁਨੀ ਮਿਸ਼ਨ ਦੇ ਸੰਸਥਾਪਕ, ਯੋਗ ਮਨੀਸ਼ੀ ਆਚਾਰੀਆ ਸ੍ਰੀ ਵਿਵੇਕ ਮੁਨੀ ਜੀ ਮਹਾਰਾਜ, ਉੱਤਰ ਭਾਰਤੀ ਪ੍ਰਵਰਤਿਨੀ ਸ਼੍ਰਮਣੀ ਸੂਰਿਆ ਡਾ. ਸ੍ਰੀ ਸਰਿਤਾ ਜੀ ਮਹਾਰਾਜ, ਮਹਾਮੰਡਲੇਸ਼ਵਰ ਗੁਰੂ ਮਾਂ ਵੀਣਾ ਸਰਸਵਤੀ ਜੀ ਮਹਾਰਾਜ ਅਤੇ ਯੋਗੀ, ਧਿਆਨੀ ਤੇ ਮਾਰਗਦਰਸ਼ਕ ਸਵਾਮੀ ਯੋਗਵ੍ਰਤ ਜੀ ਮਹਾਰਾਜ ਪ੍ਰਮੁੱਖ ਤੌਰ ’ਤੇ ਹਾਜ਼ਰ ਰਹੇ।
ਸ਼ਾਮ ਵੇਲੇ ਪ੍ਰਸਿੱਧ ਭਜਨ ਗਾਇਕ ਸ੍ਰੀ ਹਿਤ ਸ਼ਰਨ ਸਿਧਾਰਥ ਭੱਈਆ ਜੀ ਨੇ ਆਪਣੀ ਮਿੱਠੀ ਆਵਾਜ਼ ਨਾਲ ਸਮਾਂ ਬੰਨ੍ਹ ਦਿੱਤਾ। ਇਸ ਤੋਂ ਬਾਅਦ ਭਜਨ ਸਮਰਾਟ ਅਨੂਪ ਜਲੋਟਾ ਦੇ ਭਾਵਪੂਰਨ ਭਜਨਾਂ ’ਤੇ ਸਮੂਹ ਸ਼ਰਧਾਲੂ ਝੂਮ ਉੱਠੇ।
ਅਨੂਪ ਜਲੋਟਾ ਜੀ ਨੇ ਕਿਹਾ, “ਵਿਸ਼ਵ ਦੇ ਇਸ ਪਹਿਲੇ ਅਤੇ ਇਕਲੌਤੇ ਮਾਤਾ-ਪਿਤਾ ਮੰਦਰ ਵਿੱਚ ਆਉਣਾ ਮੇਰੇ ਲਈ ਬਹੁਤ ਵੱਡੇ ਸੁਭਾਗ ਦੀ ਗੱਲ ਹੈ। ਅਜਿਹਾ ਅਦਭੁੱਤ ਧਾਮ ਮੈਂ ਪਹਿਲਾਂ ਕਦੇ ਨਹੀਂ ਦੇਖਿਆ।” ਫ਼ਿਲਮ ਨਿਰਮਾਤਾ ਵਿਨੋਦ ਬੱਚਨ ਨੇ ਮਾਤਾ-ਪਿਤਾ ਮੰਦਰ ਨੂੰ ਅਦਭੁੱਤ ਅਤੇ ਅਕਲਪਨੀਯ ਦੱਸਿਆ, ਜਦਕਿ ਸੰਗੀਤ ਨਿਰਦੇਸ਼ਕ ਉਸਮਾਨ ਖਾਨ ਨੇ ਵਿਸ਼ਵ ਦੇ ਪਹਿਲੇ ਮਾਤਾ-ਪਿਤਾ ਮੰਦਰ ਦੀ ਇਸ ਵਿਲੱਖਣ ਕਲਪਨਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਆਚਾਰੀਆ ਸ੍ਰੀ ਵਿਵੇਕ ਮੁਨੀ ਜੀ ਮਹਾਰਾਜ ਅਤੇ ਸਵਾਮੀ ਯੋਗਵ੍ਰਤ ਜੀ ਮਹਾਰਾਜ ਨੇ ਇਸ ਨੂੰ ਸਮਾਜ ਨੂੰ ਸੇਧ ਦੇਣ ਵਾਲੀ ਅਦਭੁੱਤ ਅਤੇ ਮਾਰਗਦਰਸ਼ਕ ਸੋਚ ਦੱਸਿਆ। ਬਾਲ ਮਹਿਮਾਨ ਕੁਮਾਰੀ ਸਿਆਜ਼ ਪੁਨੀਆ ਨੇ ਸੰਸਥਾ ਵੱਲੋਂ ਮਾਤਾ-ਪਿਤਾ ਅਤੇ ਨਾਰੀ ਸਤਿਕਾਰ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਚੰਗੇ ਸੰਸਕਾਰ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਮਹੋਤਸਵ ਦੀ ਸ਼ੁਰੂਆਤ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਨਾਲ ਹੋਈ। ਸਵੇਰੇ ਚਾਹ, ਪਕੌੜਿਆਂ ਅਤੇ ਜਲੇਬੀਆਂ ਦੇ ਲੰਗਰ ਤੋਂ ਬਾਅਦ ਹਵਨ-ਯੱਗ ਅਤੇ ਗਊਦਾਨ ਕੀਤਾ ਗਿਆ। ਸਕੂਲੀ ਬੱਚਿਆਂ ਨੇ ਮਨਮੋਹਕ ਸੱਭਿਆਚਾਰਕ ਨਾਚ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਦੁਪਹਿਰ ਵੇਲੇ ਕੜ੍ਹੀ-ਚੌਲਾਂ ਦਾ ਲੰਗਰ ਲਗਾਇਆ ਗਿਆ।
ਸ਼ਾਮ ਦੀ ਆਰਤੀ ਸਮੇਂ ਸੰਸਥਾ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਮਿੱਟੀ ਦੇ ਦੀਵੇ ਦਿੱਤੇ ਗਏ। ਇਸ ਤੋਂ ਬਾਅਦ ਮਹਿਮਾਨਾਂ, ਸੰਤਾਂ ਅਤੇ ਸ਼ਰਧਾਲੂਆਂ ਨੇ ਮਿਲ ਕੇ 1,008 ਦੇਸੀ ਘਿਓ ਦੇ ਦੀਵਿਆਂ ਨਾਲ ਗਊ ਮਾਤਾਵਾਂ ਦੀ ਦਿਵਯ ਮਹਾਂਆਰਤੀ ਕੀਤੀ। ਆਰਤੀ ਉਪਰੰਤ ਸਾਰੀਆਂ ਗਊ ਮਾਤਾਵਾਂ ਨੂੰ ਲੱਡੂ ਖੁਆਏ ਗਏ ਅਤੇ ਸ਼ਰਧਾਲੂਆਂ ਨੂੰ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਰਾਤ ਦੇ ਭੋਜਨ ਵਿੱਚ ਮਟਰ ਪਨੀਰ, ਦਾਲ ਮੱਖਣੀ, ਮਿਕਸ ਸਬਜ਼ੀ, ਖੀਰ, ਪੂਰੀ, ਰੋਟੀ, ਚੌਲ ਅਤੇ ਸਲਾਦ ਦਾ ਵਿਸ਼ਾਲ ਭੰਡਾਰਾ ਲਗਾਇਆ ਗਿਆ।
ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਸੰਸਥਾਪਕ ਸ੍ਰੀ ਗੌਚਰ ਦਾਸ ਗਿਆਨ ਵਾਲੀਆ ਜੀ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਜ ਨੂੰ ਮਾਤਾ-ਪਿਤਾ ਦਾ ਆਦਰ-ਸਤਿਕਾਰ ਕਰਨ ਅਤੇ ਗਊ ਮਾਤਾ ਨਾਲ ਪਿਆਰ ਕਰਨ ਦਾ ਪਵਿੱਤਰ ਸੰਦੇਸ਼ ਦਿੱਤਾ।
