ਪਟਿਆਲਾ, 28 ਅਗਸਤ:- ਦੇਸ਼ ਵਿੱਚ 189 ਗਲੇਸ਼ੀਅਰ ਝੀਲਾਂ ਫਟਣ ਦੀ ਕਗਾਰ ’ਤੇ ਹਨ, ਜਿਸ ਕਾਰਨ ਹਿਮਾਲਿਆਈ ਅਤੇ ਮੈਦਾਨੀ ਖੇਤਰਾਂ ਵਿੱਚ ਭਿਆਨਕ ਵਿਨਾਸ਼ਕਾਰੀ ਖ਼ਤਰੇ ਮੰਡਰਾ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ, ਪਟਿਆਲਾ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫ਼ਤਾਂ ਕਾਰਨ ਹੋਣ ਵਾਲੀਆਂ ਆਪਦਾਵਾਂ ਤੋਂ ਬਚਣ ਅਤੇ ਬਚਾਉਣ ਲਈ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ, ਫੈਕਟਰੀ ਕਰਮਚਾਰੀਆਂ, ਐਨ.ਐਸ.ਐਸ. ਵਲੰਟੀਅਰਾਂ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਿਦਿਆਰਥੀਆਂ ਨੂੰ ਨੱਚਣ-ਟੱਪਣ, ਮੌਜ-ਮਸਤੀਆਂ ਅਤੇ ਫੈਸ਼ਨਾਂ ਰਾਹੀਂ ਰੀਲਾਂ ਬਣਾਉਣ ਲਈ ਟ੍ਰੇਨਿੰਗਾਂ ਅਤੇ ਅਭਿਆਸ ਕਰਵਾਏ ਜਾਂਦੇ ਹਨ। ਪਹਾੜਾਂ ’ਤੇ ਮਨੁੱਖੀ ਮੌਜ-ਮਸਤੀਆਂ ਰਾਹੀਂ ਪੈਦਾ ਕੀਤੀ ਜਾ ਰਹੀ ਗਲੋਬਲ ਵਾਰਮਿੰਗ, ਪ੍ਰਦੂਸ਼ਣ, ਤਪਸ਼ ਅਤੇ ਹੀਟ ਵੇਵ ਕਾਰਨ ਤੇਜ਼ੀ ਨਾਲ ਪਿਘਲ ਰਹੀ ਬਰਫ਼ ਦੇ ਨਤੀਜੇ ਵਜੋਂ ਬਣ ਰਹੀਆਂ ਗਲੇਸ਼ੀਅਰ ਝੀਲਾਂ ਹੁਣ ਇੱਕ ਗੰਭੀਰ ਅਤੇ ਵੱਡੇ ਖ਼ਤਰੇ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
ਇਸਰੋ (ISRO) ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦੇ ਤਾਜ਼ਾ ਅੰਕੜਿਆਂ ਨੇ ਇੱਕ ਭਿਆਨਕ ਤਸਵੀਰ ਪੇਸ਼ ਕੀਤੀ ਹੈ। ਖ਼ਬਰਾਂ ਅਨੁਸਾਰ, ਇਸਰੋ ਦੀ ਰਿਪੋਰਟ ਮੁਤਾਬਕ ਭਾਰਤੀ ਹਿਮਾਲੀਆ ਖੇਤਰ ਵਿੱਚ ਕੁੱਲ 7,500 ਤੋਂ ਵੱਧ ਗਲੇਸ਼ੀਅਰ ਝੀਲਾਂ ਮੌਜੂਦ ਹਨ, ਜਿਨ੍ਹਾਂ ਵਿੱਚੋਂ 189 ਝੀਲਾਂ ‘ਰੈੱਡ ਜ਼ੋਨ’ (ਅਤਿ ਜੋਖਮ ਭਰੀ ਸ਼੍ਰੇਣੀ) ਵਿੱਚ ਹਨ ਅਤੇ ਇਹ ਕਿਸੇ ਵੀ ਸਮੇਂ ਟੁੱਟ ਕੇ ਵੱਡੀ ਤਬਾਹੀ ਮਚਾ ਸਕਦੀਆਂ ਹਨ।
ਅਧਿਐਨ ਅਨੁਸਾਰ ਸਿੰਧੂ, ਗੰਗਾ ਅਤੇ ਬ੍ਰਹਮਪੁੱਤਰ ਨਦੀ ਬੇਸਿਨਾਂ ਦੀਆਂ ਚੋਟੀਆਂ ’ਤੇ ਹਜ਼ਾਰਾਂ ਛੋਟੀਆਂ-ਵੱਡੀਆਂ ਝੀਲਾਂ ਫੈਲੀਆਂ ਹੋਈਆਂ ਹਨ। ਇਕੱਲੇ ਲੱਦਾਖ ਖੇਤਰ ਵਿੱਚ ਹੀ 3,219 ਝੀਲਾਂ ਦੀ ਪਛਾਣ ਕੀਤੀ ਗਈ ਹੈ। ਸਮੁੱਚੇ ਭਾਰਤੀ ਹਿਮਾਲਿਆ ਵਿੱਚ 2,431 ਝੀਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਆਕਾਰ 10 ਹੈਕਟੇਅਰ ਤੋਂ ਵੀ ਵੱਡਾ ਹੈ।
ਉੱਤਰਾਖੰਡ ਦੀ ਗੱਲ ਕਰੀਏ ਤਾਂ ਇੱਥੇ ਪਛਾਣੀਆਂ ਗਈਆਂ 426 ਵੱਡੀਆਂ ਗਲੇਸ਼ੀਅਰ ਝੀਲਾਂ ਵਿੱਚੋਂ 25 ਸੰਵੇਦਨਸ਼ੀਲ ਹਨ, ਜਿਨ੍ਹਾਂ ਵਿੱਚੋਂ 13 ਅਤਿ-ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਂਦੀਆਂ ਹਨ। ਭਿਲੰਗਨਾ ਘਾਟੀ ਵਿੱਚ ਸਥਿਤ ਮਸਰ ਤਾਲ (Masar Tal) ਦਾ ਆਕਾਰ ਸਾਲ 2013 ਵਿੱਚ 2,44,613 ਵਰਗ ਮੀਟਰ ਸੀ, ਜੋ ਸਾਲ 2023 ਵਿੱਚ ਵਧ ਕੇ 3,66,871 ਵਰਗ ਮੀਟਰ ਹੋ ਗਿਆ। ਯਾਨੀ ਪਿਛਲੇ 10 ਸਾਲਾਂ ਵਿੱਚ ਇਸ ਵਿੱਚ 50 ਫ਼ੀਸਦੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਝੀਲਾਂ ਦੇ ਫਟਣ ਨਾਲ ਅਚਾਨਕ ਆਉਣ ਵਾਲੇ ਹੜ੍ਹ (GLOF) ਮਾਨਵਤਾ ਲਈ ਪ੍ਰਮਾਣੂ ਐਟਮੀ ਵਾਟਰ ਬੰਬਾਂ ਵਾਂਗ ਵਿਨਾਸ਼ਕਾਰੀ ਵੱਡੇ ਖ਼ਤਰੇ ਬਣ ਚੁੱਕੇ ਹਨ। ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜਿਓਲੌਜੀ ਦੇ ਵਿਗਿਆਨੀ ਡਾ. ਮਨੀਸ਼ ਮਹਿਤਾ ਅਨੁਸਾਰ ਇਨ੍ਹਾਂ ਝੀਲਾਂ ਦੀਆਂ ਕੁਦਰਤੀ ਕੰਧਾਂ (ਮੋਰੇਨ) ਕਾਫ਼ੀ ਕਮਜ਼ੋਰ ਅਤੇ ਕੱਚੀਆਂ ਹੁੰਦੀਆਂ ਹਨ। ਹਿਮਾਲਿਆਈ ਖੇਤਰ ਵਿੱਚ ਹਲਕੇ ਭੂਚਾਲ, ਭਾਰੀ ਮੀਂਹ ਜਾਂ ਉੱਪਰੋਂ ਡਿੱਗਣ ਵਾਲਾ ਐਵਲਾਂਚ (ਬਰਫ਼ੀਲਾ ਤੂਫ਼ਾਨ) ਇਨ੍ਹਾਂ ਕੰਧਾਂ ਨੂੰ ਤੋੜ ਸਕਦੇ ਹਨ।
ਗਲੇਸ਼ੀਅਰ ਦੇ ਅੱਗੇ ਬਣਨ ਵਾਲੀਆਂ ‘ਪ੍ਰੋਗਲੇਸ਼ੀਅਲ ਝੀਲਾਂ’ (Proglacial Lakes) ਸਭ ਤੋਂ ਵੱਧ ਖ਼ਤਰਨਾਕ ਹੁੰਦੀਆਂ ਹਨ। ਸਿੱਕਮ ਦੀ ਲੋਹਨਕ ਝੀਲ ਅਤੇ ਉੱਤਰਾਖੰਡ ਦੇ ਚਮੋਲੀ ਵਿੱਚ ਆਈ ਜਲ-ਪ੍ਰਲੋਅ ਇਸ ਖ਼ਤਰੇ ਦੀਆਂ ਤਾਜ਼ਾ ਉਦਾਹਰਣਾਂ ਹਨ।
ਜਲਵਾਯੂ ਪਰਿਵਰਤਨ, ਸੈਲਾਨੀਆਂ ਅਤੇ ਗੱਡੀਆਂ ਦੀ ਲੋੜ ਤੋਂ ਵੱਧ ਆਮਦ ਅਤੇ ਵਧਦੇ ਤਾਪਮਾਨ ਕਾਰਨ ਪਹਾੜਾਂ ’ਤੇ ਬਣ ਰਹੀਆਂ ਇਹ ਝੀਲਾਂ ਹੇਠਲੇ ਇਲਾਕਿਆਂ ਵਿੱਚ ਵੱਸਦੇ ਲੱਖਾਂ-ਕਰੋੜਾਂ ਲੋਕਾਂ ਲਈ ਵੱਡੀਆਂ ਤਬਾਹੀਆਂ ਦਾ ਕਾਰਨ ਬਣ ਸਕਦੀਆਂ ਹਨ।